ਗੰਨ੍ਹੇ ਦੀ ਐਸਏਪੀ ਵਧਾਉਣ ਤੇ ਕਿਸਾਨਾਂ ਨੇ ਖੇਤੀਬਾੜੀ ਮੰਤਰੀ ਦਾ ਕੀਤਾ ਧੰਨਵਾਦ
ਚੰਡੀਗੜ੍ਹ, 24 ਅਕਤੂਬਰ-ਹਰਿਆਣਾ ਸਰਕਾਰ ਵੱਲੋਂ ਗੰਨ੍ਹੇ ਦੇ ਰਾਜ ਸਲਾਹਕਾਰ ਮੁੱਲ ਵਿੱਚ 15 ਰੁਪਏ ਪ੍ਰਤੀ ਕਿਵੰਟਲ ਦੇ ਵਾਧੇ ਦੇ ਫੈਸਲੇ ਨਾਲ ਪੂਰੇ ਸੂਬੇ ਦੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਹਰਿਆਣਾ ਹੁਣ ਗੰਨ੍ਹੇ ਦਾ ਦੇਸ਼ ਵਿੱਚ ਸਭ ਤੋਂ ਵੱਧ ਮੁੱਲ ਦੇਣ ਵਾਲਾ ਰਾਜ ਬਣ ਗਿਆ ਹੈ। ਹੁਣ ਸ਼ੁਰੂਆਤੀ ਕਿਸਮ ਦੇ ਗੰਨ੍ਹੇ ਦੀ ਐਸਏਪੀ 400 ਰੁਪਏ ਤੋਂ ਵਧਾ ਕੇ 415 ਰੁਪਏ ਪ੍ਰਤੀ ਕਿਵੰਟਲ ਅਤੇ ਦੇਰ ਨਾਲ ਪੱਕਣ ਵਾਲੀ ਕਿਸਮ ਦਾ ਮੁੱਲ 393 ਤੋਂ ਵਧਾ ਕੇ 408 ਰੁਪਏ ਪ੍ਰਤੀ ਕਿਵੰਟਲ ਕਰ ਦਿੱਤਾ ਗਿਆ ਹੈ।
ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਕਿਸਾਨ ਸੰਗਠਨਾਂ ਦੇ ਕਈ ਪ੍ਰਤੀਨਿਧੀਆਂ ਨੇ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨਾਲ ਮੁਲਾਕਾਤ ਕਰ ਇਸ ਇਤਿਹਾਸਕ ਫੈਸਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਧੰਨਵਾਦ ਕਰਨ ਵਾਲਿਆਂ ਵਿੱਚ ਕਿਸਾਨ ਮੋਰਚਾ ਦੇ ਸਕੱਤਰ ਵਿਨੋਦ ਰਾਣਾ, ਕਿਸਾਨ ਮੋਰਚਾ ਹਰਿਆਣਾ ਦੇ ਉਪ ਪ੍ਰਧਾਨ ਮੰਦੀਪ ਵਿਰਕ, ਵਿਕਾਸ ਅਮੂਪੁਰ, ਅਰੂਣ ਸਮਾਲਖਾ, ਕੁਲਦੀਪ, ਵਿਜੈ ਕੰਬੋਜ, ਸੰਦੀਪ ਕੁਮਾਰ, ਅਰਜੁਨ ਖਜੁਰੀ, ਸਤਪਾਲ ਟੋਹਾਨਾ, ਬਿੱਟੂ ਕੰਬੋਜ ( ਟੋਹਾਨਾ ) ਅਤੇ ਮਾਂਗੇ ਰਾਮ ਸ਼ਾਮਲ ਸਨ।
ਕਿਸਾਨਾਂ ਨੇ ਕਿਹਾ ਕਿ ਇਹ ਫੈਸਲਾ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲਿਆ ਗਿਆ ਇੱਕ ਸਮਯੋਚਿਤ ਕਦਮ ਹੈ ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਸੁਧਰੇਗੀ। ਕਿਸਾਨਾਂ ਨੇ ਇਸ ਫੈਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਵਧੀ ਹੋਈ ਐਸਏਪੀ ਉਨ੍ਹਾਂ ਦੀ ਵੱਧਦੀ ਲਾਗਤ ਨੂੰ ਸੰਤੁਲਿਤ ਕਰੇਗਾ ਅਤੇ ਆਰਥਿਕ ਰਾਹਤ ਪ੍ਰਦਾਨ ਕਰੇਗਾ।
ਇਸ ਮੌਕੇ 'ਤੇ ਕਿਸਾਨ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਗੰਨ੍ਹੇ ਦੇ ਮੁੱਲ ਵਿੱਚ ਕੀਤੇ ਗਏ ਵਾਧੇ ਦਾ ਇਹ ਫੈਸਲਾ ਸਾਡੀ ਸਰਕਾਰ ਦੀ ਇਸ ਮਜਬੂਤੀ ਨੂੰ ਦਰਸ਼ਾਉਂਦਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਸਭ ਤੋਂ ਵੱਡਾ ਮੁੱਲ ਮਿਲੇ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹਰਿਆਣਾ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਵਿਕਾਸ ਵਿੱਚ ਅਗ੍ਰਣੀ ਰਾਜ ਬਣ ਚੁੱਕਾ ਹੈ।
