ਦੋ ਪਿੰਡਾਂ ਦੇ ਕਿਸਾਨਾਂ ਵੱਲੋਂ ਆਈਐਮਟੀ ਅੰਬਾਲਾ ਲਈ ਜ਼ਮੀਨ ਦੇਣ ਤੋਂ ਇਨਕਾਰ

ਅੰਬਾਲਾ, 8 ਜਨਵਰੀ:- ਅੰਬਾਲਾ ਦੇ ਨੱਗਲ ਖੇਤਰ ਵਿਚ ਸਰਕਾਰ ਦੇ ਆਈਐਮਟੀ ਕਾਇਮ ਕਰਨ ਦੇ ਕਾਰਵਾਈ ਅਮਲ ਵਿਚ ਲਿਆਉਣ ਤੋਂ ਬਾਅਦ ਦੋ ਪਿੰਡਾਂ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨਾਲ ਮੀਟਿੰਗ ਕਰਕੇ ਇਸ ਪ੍ਰੋਜੈਕਟ ਲਈ ਆਪਣੀਆਂ ਜ਼ਮੀਨਾਂ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ ਹੈ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਾਜਰੀ ਨੇ ਦੱਸਿਆ ਕਿ ਨੰਡਿਆਲੀ ਅਤੇ ਖੈਰਾ ਪਿੰਡ ਦੇ ਕਿਸਾਨਾਂ ਨੇ ਆਈਐਮਟੀ ਦੇ ਮੁੱਦੇ ਤੇ ਸਲਾਹ-ਮਸ਼ਵਰਾ ਕਰਨ ਲਈ  ਉਨ੍ਹਾਂ ਨੂੰ ਲਿਖਤੀ ਸੰਦੇਸ਼ ਭੇਜ ਕੇ ਸੱਦਿਆ ਸੀ। ਸੱਦੇ ਨੂੰ ਕਬੂਲ ਕਰਦਿਆਂ ਯੂਨੀਅਨ ਦੇ ਕੌਮੀ ਪ੍ਰਧਾਨ ਅਮਰਜੀਤ ਸਿੰਘ ਮੌਹੜੀ, ਜੈ ਸਿੰਘ ਜਲਬੇੜਾ, ਮਨਜੀਤ ਸਿੰਘ ਮਛੌਂਡਾ ਅਤੇ ਹੋਰ ਆਗੂਆਂ ਨੇ ਨੰਡਿਆਲੀ ਦੇ ਗੁਰਦੁਆਰੇ ਵਿਚ ਹੋਈ ਮੀਟਿੰਗ ਵਿਚ ਪਹੁੰਚ ਕੇ ਲੋਕਾਂ ਦੇ ਵਿਚਾਰ ਲਏ ਹਨ। ਮਾਜਰੀ ਨੇ ਦੱਸਿਆ ਕਿ ਨੰਡਿਆਲੀ ਅਤੇ ਕੁਝ ਖੈਰਾ ਪਿੰਡ ਦੇ ਕਿਸਾਨਾਂ ਨੇ ਕਿਹਾ ਹੈ ਕਿ ਉਹ ਆਪਣੀਆਂ ਜ਼ਮੀਨਾਂ ਆਈਐਮਟੀ ਲਈ ਬਿਲਕੁਲ ਨਹੀਂ ਦੇਣਾ ਚਾਹੁੰਦੇ।
ਮੀਡੀਆ ਨਾਲ ਗੱਲਬਾਤ ਕਰਦਿਆਂ ਇਕ ਕਿਸਾਨ ਨੇ ਕਿਹਾ ਕਿ ਆਈਐਮਟੀ ਦਾ ਕਿਸਾਨਾਂ ਨੂੰ ਇਕ ਫ਼ੀਸਦੀ ਵੀ ਫ਼ਾਇਦਾ ਨਹੀਂ ਹੈ। ਇਹ ਸਾਰਿਆਂ ਕਿਸਾਨਾਂ ਲਈ ਨੁਕਸਾਨਦੇਹ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਸਰਕਾਰ ਨੇ ਜੀ ਵੀ ਉਨ੍ਹਾਂ ਦੀ ਜ਼ਮੀਨ ਦਾ ਡੇੜ੍ਹ ਜਾਂ ਦੋ ਕਰੋੜ ਲਾਇਆ ਹੈ ਉਹ ਉਨ੍ਹਾਂ ਦੀ ਜ਼ਮੀਨ ਦੇ ਬਰਾਬਰ ਨਹੀਂ ਹੈ। ਉਸ ਨੇ ਕਿਹਾ ਕਿ ਸਾਰੇ ਕਿਸਾਨ ਚਾਹੁੰਦੇ ਹਨ ਕਿ ਆਈਐਮਟੀ ਦਾ ਪ੍ਰੋਜੈਕਟ ਉਨ੍ਹਾਂ ਦੀ ਜ਼ਮੀਨ ਤੇ ਨਾ ਲਾਇਆ ਜਾਵੇ। 
ਉਸ ਨੇ ਕਿਹਾ ਕਿ ਸਰਕਾਰ ਨੇ ਜੋ ਅਫ਼ਵਾਹ ਫੈਲਾ ਰੱਖੀ ਹੈ ਕਿ ਨੰਡਿਆਲੀ ਪਿੰਡ ਦੇ ਕਿਸਾਨ ਸਹਿਮਤ ਹਨ ਉਹ ਬਿਲਕੁਲ ਝੂਠੀ ਅਫ਼ਵਾਹ ਹੈ। ਉਸ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਪੋਰਟਲ ਤੇ ਕਿਸੇ ਕਿਸਾਨ ਨੇ ਇੱਛਾ ਜ਼ਾਹਿਰ ਨਹੀਂ ਕੀਤੀ। ਉਸ ਨੇ ਸਾਫ਼ ਕਿਹਾ ਕਿ ਨੰਡਿਆਲੀ ਅਤੇ ਖੈਰਾ ਦੇ ਕਿਸਾਨ ਆਪਣੀ ਜ਼ਮੀਨ ਦਾ ਇਕ ਇੰਚ ਵੀ ਦੇਣਾ ਨਹੀਂ ਚਾਹੁੰਦੇ। ਖੈਰਾ ਦੇ ਕਿਸਾਨ ਨੇ ਕਿਹਾ ਕਿ ਉਹ ਆਈਐਮਟੀ ਦਾ ਸਖ਼ਤ ਵਿਰੋਧ ਕਰਦਾ ਹੈ
ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਕੌਮੀ ਪ੍ਰਧਾਨ ਅਮਰਜੀਤ ਸਿੰਘ ਮੌਹੜੀ ਨੇ ਦੱਸਿਆ ਕਿ ਅੱਜ ਆਈਐਮਟੀ ਦੇ ਮੁੱਦੇ ਨੂੰ ਲੈ ਕੇ ਨੰਡਿਆਲੀ ਗੁਰਦੁਆਰੇ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਮੀਟਿੰਗ ਹੋਈ ਹੈ ਜਿਸ ਵਿਚ ਬਹੁਗਿਣਤੀ ਨੇ ਆਈਐਮਟੀ ਲਈ ਅਸਹਿਮਤੀ ਪ੍ਰਗਟਾਈ ਹੈ ਅਤੇ ਫ਼ੈਸਲਾ ਲਿਆ ਹੈ ਕਿ ਕੁਝ ਲੋਕਾਂ ਨੂੰ ਛੱਡ ਕੇ ਪੂਰਾ ਨੰਡਿਆਲੀ ਪਿੰਡ ਆਈਐਮਟੀ ਦੇ ਵਿਰੋਧ ਵਿਚ ਹੈ। 
ਵਿਰੋਧ ਦਾ ਮੁੱਖ ਕਾਰਨ ਆਈਐਮਟੀ ਦੇ ਨਤੀਜੇ ਵਜੋਂ ਇੱਥੋਂ ਦੇ ਪਾਣੀ,ਦੂਸ਼ਿਤ ਵਾਤਾਵਰਣ, ਫੈਕਟਰੀਆਂ ਦੀ ਰਹਿੰਦ-ਖੂੰਹਦ ਆਦਿ ਦਾ ਸਿਹਤ ਤੇ ਪੈਣ ਵਾਲਾ ਪ੍ਰਭਾਵ ਹੈ। ਆਪਣੇ ਪਿੰਡ ਦੀ ਹੋਂਦ ਅਤੇ ਬੱਚਿਆਂ ਲਈ ਜ਼ਮੀਨ ਬਚਾਉਣ ਲਈ ਉਹ ਆਈਐਮਟੀ ਲਈ ਜ਼ਮੀਨ ਨਹੀਂ ਦੇਣਗੇ।ਕੇਵਲ ਕੁਝ ਲੋਕ ਹੀ ਸਰਕਾਰ ਕੋਲ ਜਾ ਰਹੇ ਹਨ, ਬਹੁਗਿਣਤੀ ਆਈਐਮਟੀ ਦੇ ਵਿਰੋਧ ਵਿਚ ਹੈ। 
ਮੌਹੜੀ ਨੇ ਕਿਹਾ ਕਿ ਜੋ ਲੋਕ  ਸਰਕਾਰ ਕੋਲ ਜਾ ਰਹੇ ਹਨ, ਉਹ ਸਰਬਸੰਮਤੀ  ਨਾਲ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਫ਼ੈਸਲੇ ਸਰਕਾਰ ਸੋਚਦੀ ਹੈ ਕਿ ਉਹ ਆਪਣੀ ਮਰਜ਼ੀ ਨਾਲ ਕੋਈ ਲੀਡਰ ਹਨ ਜਾਂ ਏਜੰਟ ਦਾ ਕੰਮ ਕਰ ਰਹੇ ਹਨ, ਸਭ ਨੂੰ ਦੱਸ ਦੇਣਾ ਚਾਹੁੰਦੇ ਹਾਂ ਜੇ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਕਦਮ ਚੁੱਕਦੀ ਹੈ ਤਾਂ ਹਰਿਆਣਾ ਕਿਸਾਨ ਮੋਰਚਾ, ਬੀਕੇਯੂ ਸ਼ਹੀਦ ਭਗਤ ਸਿੰਘ ਮਜ਼ਬੂਤੀ ਨਾਲ ਭਾਈਚਾਰੇ ਨਾਲ ਖੜ੍ਹ ਕੇ ਹਰ ਤਰੀਕੇ ਦੀ ਲੜਾਈ ਲੜੇਗਾ।
ਜ਼ਿਕਰਯੋਗ ਹੈ ਕਿ ਅੰਬਾਲਾ ਵਿਚ ਇੰਡਸਟਰੀਅਲ ਮਾਡਲ ਟਾਊਨਸ਼ਿਪ ਕਾਇਮ ਕਰਨ ਦਾ ਮੁੱਦਾ ਕਈ ਸਾਲ ਪੁਰਾਣਾ ਹੈ। ਪਹਿਲਾਂ ਇਹ ਪ੍ਰੋਜੈਕਟ ਪੰਜੋਖਰਾ ਖੇਤਰ ਵਿਚ ਲਾਉਣ ਦਾ ਐਲਾਨ ਹੋਇਆ ਸੀ ਤਾਂ ਇਸ ਦੇ ਵਿਰੋਧ ਵਿਚ ਧਰਨਾ-ਪ੍ਰਦਰਸ਼ਨ ਦਾ ਲੰਮਾ ਗੇੜ ਚੱਲਿਆ ਸੀ। ਸਰਕਾਰ ਨੇ ਐਚਐਸਆਈਆਈਡੀਸੀ ਵੱਲੋਂ ਅੰਬਾਲਾ ਹਿਸਾਰ ਮਾਰਗ ਤੇ ਨੱਗਲ ਖੇਤਰ ਵਿਚ ਕਾਇਮ ਕੀਤੀ ਜਾਣ ਵਾਲੀ ਆਈਐਮਟੀ ਲਈ ਅੱਧੋ ਮਾਜਰਾ, ਹਸਨਪੁਰ, ਖੈਰਾ, ਖਾਸਪੁਰ, ਨੱਗਲ, ਨੰਡਿਆਲੀ, ਸਖਰਾਉਂ ਅਤੇ ਸੇਗਤਾ ਪਿੰਡਾਂ ਦੀ 6 ਹਜ਼ਾਰ ਏਕੜ ਜ਼ਮੀਨ ਗ੍ਰਹਿਣ ਕਰਨੀ ਹੈ ਜਿਸ ਲਈ ਮੀਮੋ ਤਾਂ 15/09/2022 ਨੂੰ ਜਾਰੀ ਹੋ ਗਿਆ ਸੀ।