ਫੈਕਟਰੀ ਕਾਮਿਆਂ ਨੂੰ ਨਹੀਂ ਮਿਲਦੀਆਂ ਲੋੜੀਂਦੀਆਂ ਸਿਹਤ ਸਹੂਲਤਾਂ : ਜਸਬੀਰ ਸਿੰਘ
ਚੰਡੀਗੜ੍ਹ, 25 ਨਵੰਬਰ - ਸਮਾਜਸੇਵੀ ਆਗੂ ਐਡਵੋਕੇਟ ਜਸਵੀਰ ਸਿੰਘ ਨੇ ਕਿਹਾ ਹੈ ਕਿ ਫੈਕਟ੍ਰੀ ਕਾਮਿਆਂ ਨੂੰ ਸਿਹਤ ਸਹੂਲਤਾਂ ਵਾਸਤੇ ਤਰਸਣਾ ਪੈਂਦਾ ਹੈ। ਆਲ ਇੰਡੀਆ ਲਾਇਰਜ਼ ਯੂਨੀਅਨ ਵਲੋਂ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਵਿਖੇ ਕਿਰਤੀਆਂ ਦੀ ਭਲਾਈ ਅਤੇ ਈਐਸਆਈ ਐਕਟ ਵਿਸ਼ੇ ਉਤੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਉਹ ਚਾਰ ਦਹਾਕਿਆਂ ਤੋਂ ਸਿਹਤ ਸਹੂਲਤਾਂ ਲਈ ਦਰ-ਦਰ ਭਟਕਦੇ ਕਾਮਿਆਂ ਨੂੰ ਈ ਐਸ ਆਈ ਦੀ ਰਾਸ਼ੀ ਦਿਵਾਉਣ ਲਈ ਉਹਨਾਂ ਦੇ ਕੇਸ ਲੜ ਰਹੇ ਹਨ। ਸੈਮੀਨਾਰ ਦੀ ਪ੍ਰਧਾਨਗੀ ਕਰਮ ਸਿੰਘ ਵਕੀਲ ਵਲੋਂ ਕੀਤੀ ਗਈ। ਮੰਚ ਉਤੇ ਉਨ੍ਹਾਂ ਨਾਲ ਅਸ਼ੋਕ ਕੁਮਾਰ, ਰਣਵੀਰ ਸਿੰਘ ਚੌਹਾਨ ਅਤੇ ਐਮ. ਐਸ ਗੋਰਸੀ ਵੀ ਸ਼ਾਮਿਲ ਹੋਏ।
ਸz. ਜਸਵੀਰ ਸਿੰਘ ਨੇ ਕਿਹਾ ਕਿ ਦਸ ਤੋਂ ਵਧ ਕਿਰਤੀਆਂ ਵਾਲੇ ਅਦਾਰਿਆਂ ਦੇ ਮਾਲਕਾਂ ਨੂੰ ਹਰ ਮਹੀਨੇ ਦੀ 15 ਤਰੀਕ ਤਕ 21000/- ਤੋਂ ਘਟ ਤਨਖਾਹ ਵਾਲੇ ਕਿਰਤੀਆਂ ਦੀ ਤਨਖਾਹ ਦੀ 4 ਫੀਸਦੀ ਰਕਮ ਈਐਸਆਈ ਨੂੰ ਅਦਾ ਕਰਨੀ ਪੈਂਦੀ ਹੈ। ਜੇਕਰ ਇਸ ਵਿੱਚ ਇਕ ਦਿਨ ਦੀ ਵੀ ਦੇਰੀ ਹੋ ਜਾਵੇ ਤਾਂ 12 ਫੀਸਦੀ ਵਿਆਜ ਅਤੇ 25 ਫੀਸਦੀ ਹਰਜਾਨਾ ਅਦਾ ਕਰਨਾ ਪੈਂਦਾ ਹੈ। ਸਾਰੀ ਰਾਸ਼ੀ ਕੇਂਦਰ ਸਰਕਾਰ ਕੋਲ ਜਾਂਦੀ ਹੈ ਜਿਸ ਵਿਚੋਂ ਸਿਰਫ 25 ਫੀਸਦੀ ਰਾਸ਼ੀ ਖਰਚ ਲਈ ਸੂਬਿਆਂ ਕੋਲ ਪਹੁੰਚਦੀ ਹੈ।
ਉਨ੍ਹਾਂ ਕਿਹਾ ਪੰਜਾਬ ਵਿੱਚ ਈ ਐਸ ਆਈ ਦੀਆਂ 71 ਡਿਸਪੈਂਸਰੀਆਂ ਅਤੇ 6 ਹਸਪਤਾਲ ਹਨ। ਮੁਹਾਲੀ ਵਿੱਚ ਇਕ ਹਸਪਤਾਲ ਅਤੇ 2 ਡਿਸਪੈਂਸਰੀਆਂ ਹਨ ਜੋ ਸਵੇਰੇ 8 ਵਜੇ ਤੋਂ ਸਿਰਫ 2 ਵਜੇ ਤਕ ਹੀ ਖੁੱਲ੍ਹਦੀਆਂ ਹਨ, ਜਿਸ ਕਾਰਨ ਇੰਸ਼ੋਰਡ ਕਿਰਤੀਆਂ ਦੀ ਭਾਰੀ ਭੀੜ ਰਹਿੰਦੀ ਹੈ। ਐਬੂਲੈਂਸ, ਐਕਸਰੇ, ਈ ਸੀ ਜੀ ਅਤੇ ਅਪਰੇਸ਼ਨ ਆਦਿ ਸਹੂਲਤਾਂ ਦੀ ਘਾਟ ਕਿਰਤੀਆਂ ਦਾ ਦਰਦ ਵਧਾਉਂਦੀ ਹੈ। ਔਰਤਾਂ ਦੇ ਰੋਗਾਂ ਦੀ ਮਾਹਿਰ ਲੇਡੀ ਡਾਕਟਰ ਦੀ ਅਣਹੋਂਦ ਅਤੇ ਕਿਰਤੀਆਂ ਨੂੰ ਉਨ੍ਹਾਂ ਦੇ ਹੱਕਾਂ ਅਨੁਸਾਰ ਕੈਸ਼-ਲੈਸ ਇਲਾਜ ਲਈ ਸਬੰਧਤ ਹਸਪਤਾਲਾਂ ਵਿੱਚ ਇਲਾਜ ਲਈ ਰੈਫਰ ਕਰਨ ਦੀ ਘਾਟ ਅਤੇ ਨਾਂ ਪੱਖੀ ਰਵਈਆ ਕਿਰਤੀਆਂ ਨੂੰ ਪਰੇਸ਼ਾਨ ਕਰਦਾ ਹੈ।
ਉਹਨਾਂ ਕਿਹਾ ਕਿ ਅਨੇਕਾਂ ਕਿਰਤੀਆਂ ਲਈ ਡਿਸਪੈਂਸਰੀ ਵਿੱਚ ਜਾ ਕੇ ਲੜ-ਭਿੜ ਕੇ ਸਹੂਲਤਾਂ ਲੈਣੀਆਂ ਪੈਂਦੀਆਂ ਹਨ। ਕੇਂਦਰੀ ਮੰਤਰੀ ਅਤੇ ਸਥਾਨਕ ਨੇਤਾਵਾਂ ਨੂੰ ਕਿਰਤੀਆਂ ਦੀਆਂ ਸਹੂਲਤਾਂ ਲਈ ਵਾਰ ਵਾਰ ਮੰਗ ਕੀਤੇ ਜਾਣ ਦੇ ਬਾਵਜੂਦ ਕਿਸੇ ਨੇ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ। ਖਪਤਕਾਰ ਅਦਾਲਤ ਅਤੇ ਈ ਐਸ ਆਈ ਕੋਰਟ ਤੋਂ ਅਨੇਕਾਂ ਵਾਰ ਇਨਸਾਫ਼ ਵੀ ਮਿਲਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਲੜੇ 50 ਦੇ ਕਰੀਬ ਕੇਸਾਂ ਵਿਚ ਵਿਭਾਗ ਨੂੰ 10000 ਤੋਂ 50000 ਰੁਪਏ ਦਾ ਜੁਰਮਾਨਾ ਹੋਇਆ ਹੈ ਪਰ ਇਸਦੇ ਬਾਵਜੂਦ ਵਿਭਾਗ ਦੀ ਕਾਰਗੁਜਾਰੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ।
ਇਸਤੋਂ ਪਹਿਲਾਂ ਰਣਵੀਰ ਸਿੰਘ ਚੌਹਾਨ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ । ਅਸ਼ੋਕ ਕੁਮਾਰ ਨੇ ਸਮਾਜ ਸੇਵੀ ਜਸਵੀਰ ਸਿੰਘ ਨਾਲ ਜਾਣ ਪਹਿਚਾਣ ਕਰਵਾਈ।
ਕਰਮ ਸਿੰਘ ਵਕੀਲ ਨੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਗਰੀਬਾਂ ਦੀ ਬਾਂਹ ਫੜਨ ਵਾਲੇ ਜਸਵੀਰ ਸਿੰਘ ਵਰਗੇ ਕੁਝ ਵਕੀਲ ਸਮਾਜ ਵਿਚ ਹੋਣੇ ਚਾਹੀਦੇ ਹਨ। ਮਹਿੰਗਾਈ ਅਸਮਾਨ ਛੁਹ ਰਹੀ ਹੈ।
ਸਮਾਗਮ ਦੌਰਾਨ ਮੰਚ ਸੰਚਾਲਨ ਮੁਹੰਮਦ ਸ਼ਾਹਨਾਜ਼ ਗੋਰਸੀ ਨੇ ਕੀਤਾ। ਸਮਾਗਮ ਵਿੱਚ ਵਡੀ ਗਿਣਤੀ ਵਿੱਚ ਵਕੀਲਾਂ ਨੇ ਸ਼ਮੂਲੀਅਤ ਕੀਤੀ।
