ਤੀਜੇ ਦਿਨ ਵੀ ਬਿਜਲੀ ਕਾਮਿਆਂ ਦੀ ਹੜਤਾਲ ਜਾਰੀ ਕੰਮਕਾਜ ਰਿਹਾ ਠੱਪ
ਪਟਿਆਲਾ, 23 ਜੁਲਾਈ:- ਟੈਕਨੀਕਲ ਸਰਵਿਸ ਯੂਨੀਅਨ ਦੇ ਸੱਦੇ 'ਤੇ ਪਟਿਆਲਾ ਸਰਕਲ ਦੇ ਸੈਂਕੜੇ ਬਿਜਲੀ ਕਾਮਿਆਂ ਨੇ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਹੜਤਾਲ ਕਰਦਿਆਂ ਕੰਮਕਾਜ ਠੱਪ ਰੱਖਿਆ। ਯੂਨੀਅਨ ਆਗੂਆਂ ਨੇ ਸਰਕਾਰ ਤੋਂ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ।
ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ ਸੇਖੋ ਅਤੇ ਸਰਕਲ ਸਹਾਇਕ ਸਕੱਤਰ ਇੰਦਰਜੀਤ ਸਿੰਘ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਹੜਤਾਲ ਦੌਰਾਨ ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ਲੈ ਕੇ ਕੰਮ ਜਾਮ ਕੀਤਾ। ਉਨ੍ਹਾਂ ਕਿਹਾ ਕਿ ਨਿੱਜੀਕਰਨ ਦੀਆਂ ਨੀਤੀਆਂ ਨੂੰ ਰੱਦ ਕੀਤਾ ਜਾਵੇ, 17-07-2026 ਦੇ ਜਾਰੀ ਪੱਤਰ ਨੂੰ ਵਾਪਸ ਲਿਆ ਜਾਵੇ, ਬਿਜਲੀ ਕਾਮਿਆਂ ਨੂੰ ਸੱਤਵੇਂ ਦੀ ਬਜਾਏ ਛੇਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਲਾਭ ਦਿੱਤੇ ਜਾਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਸਹਾਇਕ ਲਾਈਨਮੈਨਾਂ ਨੂੰ ₹35,400 ਦਾ ਤਨਖ਼ਾਹ ਸਕੇਲ ਦਿੱਤਾ ਜਾਵੇ, ਨਿੱਜੀਕਰਨ ਵਿਰੁੱਧ ਸੰਘਰਸ਼ ਕਰਦੇ ਬਨਾਰਸੀ ਦਾਸ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਬਹਾਲ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ (ਡੀ.ਏ.) 60 ਫ਼ੀਸਦੀ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਧਰਨੇ ਵਿੱਚ 400 ਤੋਂ ਵੱਧ ਬਿਜਲੀ ਕਾਮਿਆਂ ਨੇ ਹਿੱਸਾ ਲਿਆ। ਧਰਨੇ ਨੂੰ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਹਰਜੀਤ ਸਿੰਘ, ਇੰਦਰਜੀਤ ਸਿੰਘ, ਭਗਵਾਨ ਸਿੰਘ, ਕਰਮਜੀਤ ਸਿੰਘ, ਵਿਜੇ ਦੇਵ ਅਤੇ ਗੁਰਦੀਪ ਸਿੰਘ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਇਸ ਮੌਕੇ ਭਰਾਤਰੀ ਜੱਥੇਬੰਦੀ ਸੀ.ਐਚ.ਬੀ. ਯੂਨੀਅਨ ਵੱਲੋਂ ਦਿਲਪ੍ਰੀਤ ਸਿੰਘ, ਬਿੱਕਰ ਖਾਨ, ਦਵਿੰਦਰ ਸਿੰਘ ਹੈਪੀ ਅਤੇ ਮੰਗਲ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਸੀ.ਐਚ.ਬੀ. ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਟੈਕਨੀਕਲ ਸਰਵਿਸ ਯੂਨੀਅਨ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਪੂਰਾ ਸਾਥ ਦੇਣਗੇ।
