ਅਨਿਲ ਅੰਬਾਨੀ ਅਤੇ ਪਤਨੀ ਟੀਨਾ ਅੰਬਾਨੀ ਨੂੰ ਵੱਲੋਂ ਨਵੇਂ ਸੰਮਨ ਜਾਰੀ
ਨਵੀਂ ਦਿੱਲੀ:- ਐਨਫੋਰਸਮੈਂਟ ਡਾਇਰੈਕਟੋਰੇਟ ਨੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ ਨੂੰ ਅਗਲੇ ਹਫ਼ਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਨਵੇਂ ਸੰਮਨ ਜਾਰੀ ਕੀਤੇ ਹਨ। 68 ਸਾਲਾ ਟੀਨਾ ਅੰਬਾਨੀ ਸਾਬਕਾ ਅਦਾਕਾਰਾ ਵੀ ਹਨ ਜਿਨ੍ਹਾਂ ਨੂੰ ਫੈਡਰਲ ਏਜੰਸੀ ਨੇ ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ ਸੀ, ਪਰ ਉਹ ਨਹੀਂ ਪਹੁੰਚੇ। ਅਧਿਕਾਰੀਆਂ ਮੁਤਾਬਕ ਹੁਣ ਉਨ੍ਹਾਂ ਨੂੰ 17 ਫਰਵਰੀ ਨੂੰ ਅਤੇ ਅਨਿਲ ਅੰਬਾਨੀ ਨੂੰ 18 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਦੇ ਬਿਆਨ 'ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ' ਤਹਿਤ ਦਰਜ ਕੀਤੇ ਜਾਣਗੇ।
ਜਾਣਕਾਰੀ ਅਨੁਸਾਰ ਟੀਨਾ ਅੰਬਾਨੀ ਨੂੰ ਨਿਊਯਾਰਕ ਦੇ ਮੈਨਹਟਨ ਵਿੱਚ ਇੱਕ ਲਗਜ਼ਰੀ ਕੰਡੋਮੀਨੀਅਮ ਦੀ ਖਰੀਦ ਨਾਲ ਜੁੜੇ ਪੈਸਿਆਂ ਦੇ ਲੈਣ-ਦੇਣ ਬਾਰੇ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਈਡੀ ਨੇ ਹਾਲ ਹੀ ਵਿੱਚ ਰਿਲਾਇੰਸ ਕਮਿਊਨੀਕੇਸ਼ਨ ਦੇ ਸਾਬਕਾ ਪ੍ਰਧਾਨ ਪੁਨੀਤ ਗਰਗ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਏਜੰਸੀ ਦਾ ਦਾਅਵਾ ਹੈ ਕਿ ਗਰਗ ਨੇ 2023 ਵਿੱਚ ਰਿਲਾਇੰਗ ਕਮਿਊਨੀਕੇਸ਼ਨ ਦੀ ਇਨਸੋਲਵੈਂਸੀ ਪ੍ਰਕਿਰਿਆ ਦੌਰਾਨ ਨਿਊਯਾਰਕ ਦੀ ਜਾਇਦਾਦ ਨੂੰ "ਧੋਖਾਧੜੀ" ਨਾਲ ਵੇਚਿਆ ਸੀ।
ਜਾਂਚ ਏਜੰਸੀ ਅਨੁਸਾਰ ਵਿਕਰੀ ਤੋਂ ਪ੍ਰਾਪਤ 8.3 ਮਿਲੀਅਨ ਅਮਰੀਕੀ ਡਾਲਰ (ਲਗਪਗ 69.55 ਕਰੋੜ ਰੁਪਏ) ਇੱਕ ਫਰਜ਼ੀ ਨਿਵੇਸ਼ ਪ੍ਰਬੰਧ ਰਾਹੀਂ ਦੁਬਈ ਸਥਿਤ ਇੱਕ ਇਕਾਈ ਨੂੰ ਭੇਜੇ ਗਏ ਸਨ ਜਿਸ ਨੂੰ ਇੱਕ ਪਾਕਿਸਤਾਨੀ ਮੂਲ ਦਾ ਵਿਅਕਤੀ ਚਲਾ ਰਿਹਾ ਸੀ। ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਈਡੀ ਨੇ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਖਿਲਾਫ ਬੈਂਕ ਧੋਖਾਧੜੀ ਅਤੇ ਵਿੱਤੀ ਬੇਨਿਯਮੀਆਂ ਦੇ ਕਈ ਮਾਮਲਿਆਂ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਹੈ।
ਇਸੇ ਜਾਂਚ ਵਜੋਂ ਹੁਣ ਤੱਕ 12,000 ਕਰੋੜ ਰੁਪਏ ਦੀਆਂ ਸੰਪਤੀਆਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ। ਰਿਲਾਇੰਸ ਗਰੁੱਪ ਵੱਲੋਂ ਇਹਨਾਂ ਸੰਮਨਾਂ 'ਤੇ ਅਜੇ ਪ੍ਰਤੀਕਿਰਿਆ ਆਉਣੀ ਬਾਕੀ ਹੈ।
