ਨਸ਼ਾ ਪੀੜ੍ਹਤ ਵਿਅਕਤੀ ਸੁਪਨੇ ਪੂਰੇ ਨਹੀਂ ਕਰ ਸਕਦਾ ਚਮਨ ਸਿੰਘਪ੍ਰੋਜੈਕਟ ਡਾਇਰੈਕਟਰ

ਨਵਾਂਸ਼ਹਿਰ:- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ  ਪੀ. ਐਸ. ਪਰੈਜੀਡੈਂਸੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਪੱਲੀਆ ਕਲਾਂ ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ  ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀ ਸੰਦੀਪ ਕੁਮਾਰ ਨੰਦਾ ਨੇ ਕੀਤੀ।
ਇਸ ਮੌਕੇ ਤੇ ਸ. ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਮਾਣਯੋਗ ਸਕੱਤਰ ਸ. ਸ਼ਿਵ ਦੁਲਾਰ ਸਿੰਘ ਢਿੱਲੋਂ(ਰਿਟਾ. ਆਈ ਏ ਐਸ), ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਅਤੇ ਜਿਲ੍ਹਾ ਪੱਧਰੀ "ਨਸ਼ਾ ਮੁਕਤ ਭਾਰਤ ਅਭਿਆਨ "ਕਮੇਟੀ ਦੇ ਚੇਅਰਮੈਨ ਮਾਣਯੋਗ ਡਿਪਟੀ ਕਮਿਸ਼ਨਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਦਾ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਾਇਆ ਜਾ ਰਿਹਾ ਹੈ। 
ਉਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ  ਕਿ  ਨਸ਼ੇ ਨੂੰ ਖਤਮ ਕਰਨ  ਲਈ ਜਿੱਥੇ ਅੱਜ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਖ-ਵੱਖ ਢੰਗ ਨਾਲ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਕਾਰਜ ਕਰ ਰਹੇ ਹਨ। ਉੱਥੇ ਇੰਡੀਅਨ ਰੈੱਡ ਕਰਾਸ ਪੰਜਾਬ ਸਟੇਟ ਬਰਾਂਚ ਚੰਡੀਗੜ੍ਹ ਦੀ ਅਗਵਾਈ ਵਿੱਚ ਮਨਿਸਟਰੀ ਆੱਫ ਸ਼ੋਸ਼ਲ ਜਸਟਿਸ, ਭਾਰਤ ਸਰਕਾਰ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦਾ ਉਪਰਾਲਾ ਕਰ ਰਹੀ ਹੈ। 
ਉਨਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਨਸ਼ੇ ਤੋਂ ਦੂਰ ਰਹਿਣ ਬਾਰੇ ਵੀ ਨੁਕਤੇ ਸਾਂਝੇ ਕੀਤੇ। ਉਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਕਿਸੇ ਵੀ ਵਿਅਕਤੀ ਦੇ ਬਹਿਕਾਵੇ ਵਿੱਚ ਆ ਕੇ ਕਿਸੇ ਵੀ ਨਸ਼ੀਲੀ ਵਸਤੂ ਦਾ ਸੇਵਨ ਨਹੀ ਕਰਨਾ। ਕਿਉਕਿ ਵਿਦਿਆਰਥੀਆਂ ਨੂੰ ਨਸ਼ੇ ਦੇ ਪ੍ਰਤੀ ਘੱਟ ਜਾਣਕਾਰੀ ਹੋਣ ਕਰਕੇ ਉਹ ਨਸ਼ੇ ਦੀ ਦਲਦਲ ਵਿੱਚ ਫਸ ਜਾਦੇ ਹਨ ਅਤੇ ਜਿਸ ਨਾਲ ਉਹ ਹੌਲੀ ਹੌਲੀ ਬੀੜੀ ਸਿਗਰਟ ਤੋਂ ਲੈ ਕੇ ਹੈਰੋਇਨ ਵਰਗੇ ਵੱਡੇ ਨਸ਼ੇ ਦਾ ਸੇਵਨ ਕਰਨ ਲੱਗ ਜਾਂਦੇ ਹਨ।
ਇਸ ਕਰਕੇ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਦੀਂ ਹੈ ਤਾਂ ਆਪਣੇ ਮਾਤਾ ਪਿਤਾ ਜਾ ਅਧਿਆਪਕਾਂ ਨਾਲ ਸਾਝੀ ਕਰਨੀ ਚਾਹੀਦੀ ਹੈ। ਉਹਨਾਂ  ਨੇ ਕਿਹਾ ਕਿ ਵਿਦਿਆਰਥੀ ਆਪਣੇ ਮਿੱਥੇ ਹੋਏ ਟੀਚਿਆ ਨੂੰ ਪੂਰਾ ਕਰ ਸਕਦੇ ਹਨ। ਜੇਕਰ ਉਹ ਮਾਨਸਿਕ ਅਤੇ ਸਰੀਰਕ ਪੱਖੋਂ ਤੰਦਰੁਸਤ ਹੋਣਗੇ। ਉਨਾਂ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਪੂਰੇ ਭਾਰਤ ਵਿੱਚ ਚਲ ਰਹੀ ਮੁਹਿੰਮ ਹੈ। 
ਇਸ ਮੁਹਿੰਮ ਦੇ ਤਹਿਤ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪ੍ਰਣ ਲਿਆ ਕਿ ਅਸੀ ਸਾਰੇ ਹੀ ਇੱਕ ਜੁੱਟ ਹੋ ਕੇ ਪਰਿਵਾਰ ਅਤੇ ਦੋਸਤਾਂ ਨੂੰ ਨਸ਼ਾ ਮੁਕਤ ਕਰਨ ਦੇ ਨਾਲ ਨਾਲ ਖੁਦ ਵੀ ਨਸ਼ਾ ਮੁਕਤ ਹੋਵਾਗੇ। ਕਿਉਕਿ ਤਬਦੀਲੀ ਦੀ ਸ਼ੁਰੂਆਤ ਆਪਣੇ ਆਪ ਤੋਂ ਹੀ ਹੋਣੀ ਚਾਹੀਦੀ ਹੈ ਅਤੇ ਆਪਣੇ ਰਾਜ ਨੂੰ ਨਸ਼ਾ ਮੁਕਤ ਕਰਾਂਗੇ। ਇਸ ਮੁਹਿੰਮ ਦਾ ਮੁੱਖ ਮੰਤਵ ਨਸ਼ਿਆਂ ਦੀ ਸਪਲਾਈ ਨੂੰ ਰੋਕਣਾ ਅਤੇ ਨਸ਼ੇ ਦੇ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ ਅਤੇ ਨਸ਼ੇ ਤੋਂ ਪੀੜਤ ਲੋਕਾਂ ਦਾ ਸਿਹਤ ਵਿਭਾਗ ਵਲੋਂ ਇਲਾਜ ਕਰਵਾਉਣਾ ਹੈ।
ਇਸ ਮੌਕੇ ਤੇ ਪਰਵੇਸ਼ ਕੁਮਾਰ(ਪੀਆਰ ਐਜੂਕੇਟਰ) ਨੇ ਕੇਂਦਰ ਦੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਕਿ ਕੋਈ ਵਿਅਕਤੀ ਜੋ ਨਸ਼ੇ ਦਾ ਆਦੀ ਹੈ, ਉਹ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਹੈ, ਆਪਣੀ ਇੱਛਾ ਅਨੁਸਾਰ ਕੇਂਦਰ ਵਿਖੇ ਇੱਕ ਮਹੀਨੇ ਲਈ ਦਾਖਿਲ ਹੋ ਕੇ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ।
ਇਸ ਮੌਕੇ ਤੇ ਸ਼੍ਰੀ ਸੰਜੀਵ ਕੁਮਾਰ(DPE) ਨੇ ਵਿਦਿਆਰਥੀ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕੀਤਾ ਅਤੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਅਪੀਲ ਕੀਤੀ। ਉਨਾ ਨੇ ਰੈੱਡ ਕਰਾਸ ਟੀਮ ਦਾ ਧੰਨਵਾਦ ਕਰਦਿਆ ਕਿਹਾ ਸਾਡਾ ਸਟਾਫ ਅਤੇ ਵਿਦਿਆਰਥੀ ਵੀ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਯੁੱਧ ਨਸ਼ਿਆ ਵਿਰੁੱਧ ਵਿੱਚ ਆਪਣਾ ਯੋਗਦਾਨ ਪਾਉਣਗੇ।  
ਉਨਾ ਨੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵੀ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਵਾਉਦੇ ਰਹਿਣਗੇ। ਇਸ ਮੌਕੇ ਤੇ ਰਿਸ਼ਵ ਨੰਦਾ(ਸੀ ਈ ਓ), ਪੂਨਮ ਨੰਦਾ(ਪ੍ਰਿੰਸੀਪਲ), ਸਮੂਹ ਸਟਾਫ ਮੈਂਬਰ ਅਤੇ ਭਾਰੀ ਗਿਣਤੀ ਵਿੱਚ  ਵਿਦਿਆਰਥੀ ਹਾਜਿਰ ਸਨ।