ਡਰਾਈਵਰ ਨੇ ਟਰੱਕ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ
ਅੰਬਾਲਾ, 6 ਜੂਨ:- ਅੰਬਾਲਾ ਦੇ ਸਾਹਾ ਇੰਡਸਟਰੀਅਲ ਏਰੀਆ ਵਿਚ ਇਕ ਨੌਜਵਾਨ ਟਰੱਕ ਡਰਾਈਵਰ ਨੇ ਆਪਣੇ ਹੀ ਟਰੱਕ ਨਾਲ ਰੱਸੀ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਬਬਲੂ ਵਾਸੀ ਮੁਰਾਦਾਬਾਦ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਖ਼ੁਦਕੁਸ਼ੀ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਵਿਚ ਜੁੱਟ ਗਈ।
ਪੁਲੀਸ ਅਨੁਸਾਰ ਬਬਲੂ ਆਪਣੇ ਟਰੱਕ ਵਿਚ ਸਾਮਾਨ ਲੱਦ ਕੇ ਕੱਲ੍ਹ ਸ਼ਾਮ ਨੂੰ ਫਰੂਟੀ ਫੈਕਟਰੀ ਪਹੁੰਚਿਆ ਸੀ। ਸਮਾਨ ਉਤਾਰਨ ਤੋਂ ਬਾਅਦ ਉਹ ਉੱਥੇ ਹੀ ਰਿਹਾ ਅਤੇ ਅੱਜ ਸਵੇਰੇ ਲੋਕਾਂ ਨੇ ਉਸ ਨੂੰ ਸ਼ੱਕੀ ਹਾਲਤਾਂ ਵਿੱਚ ਦੇਖਿਆ।
ਪੁਲੀਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਬਬਲੂ ਦੀ ਲਾਸ਼ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ। ਪਰਿਵਾਰ ਦੇ ਅੰਬਾਲਾ ਪਹੁੰਚਣ ਤੋਂ ਬਾਅਦ ਹੀ ਪੋਸਟ ਮਾਰਟਮ ਕੀਤਾ ਜਾਵੇਗਾ।
ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ। ਸਾਹਾ ਪੁਲੀਸ ਹਰ ਪਹਿਲੂ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਅਗਲੀ ਕਾਰਵਾਈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕੀਤੀ ਜਾਵੇਗੀ।
