ਐਂਡੋਸਕੋਪੀ ਨਾਲ ਬਚੀ ਜਾਨ ਗਲੇ ਵਿੱਚ ਫਸੀ ਮੱਛੀ ਦੀ ਹੱਡੀ ਡਾਕਟਰਾਂ ਨੇ ਸੁਰੱਖਿਅਤ ਤਰੀਕੇ ਨਾਲ ਕੱਢੀ
ਮੈਹਤਪੁਰ/ਊਨਾ, 15 ਅਪ੍ਰੈਲ (ਰਾਜਵੀਰ ਚੋਪੜਾ):- ਮੱਛੀ ਖਾਂਦੇ ਸਮੇਂ ਹੋਈ ਇੱਕ ਛੋਟੀ ਜਿਹੀ ਲਾਪਰਵਾਹੀ 61 ਸਾਲਾ ਵਿਅਕਤੀ ਲਈ ਜਾਨਲੇਵਾ ਸਾਬਤ ਹੁੰਦੀ-ਹੁੰਦੀ ਬਚ ਗਈ। ਹਮੀਰਪੁਰ ਨਿਵਾਸੀ ਰਵੀ ਕੁਮਾਰ ਦੇ ਗਲੇ ਵਿੱਚ ਮੱਛੀ ਦੀ ਹੱਡੀ ਫੱਸ ਗਈ, ਜਿਸ ਨਾਲ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ।
ਜਾਣਕਾਰੀ ਮੁਤਾਬਕ ਹੱਡੀ ਗਲੇ ਦੇ ਬਹੁਤ ਹੀ ਸੰਵੇਦਨਸ਼ੀਲ ਹਿੱਸੇ ‘ਵੈਲੇਕੂਲਾ’ ਵਿੱਚ ਫੱਸ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਨਿਗਲਣ ਵਿੱਚ ਭਾਰੀ ਦਿੱਕਤ ਅਤੇ ਅਸਹਿਣਯ ਦਰਦ ਦਾ ਸਾਹਮਣਾ ਕਰਨਾ ਪਿਆ।
ਮਰੀਜ਼ ਨੂੰ ਤੁਰੰਤ ਆਰਿਆ ਹਸਪਤਾਲ, ਮੈਹਤਪੁਰ ਲਿਆਂਦਾ ਗਿਆ, ਜਿੱਥੇ ਗੈਸਟ੍ਰੋਐਂਟਰੋਲੋਜਿਸਟ ਡਾ. ਦੀਪਕ ਆਰਿਆ ਅਤੇ ਉਨ੍ਹਾਂ ਦੀ ਟੀਮ ਨੇ ਬਿਨਾਂ ਦੇਰੀ ਇਲਾਜ ਸ਼ੁਰੂ ਕੀਤਾ। ਡਾਕਟਰਾਂ ਨੇ ਐਂਡੋਸਕੋਪੀ ਤਕਨੀਕ ਦੀ ਵਰਤੋਂ ਕਰਦੇ ਹੋਏ ਬਿਨਾਂ ਕਿਸੇ ਵੱਡੀ ਸਰਜਰੀ ਦੇ ਗਲੇ ਵਿੱਚ ਫਸੀ ਹੱਡੀ ਨੂੰ ਸਫਲਤਾਪੂਰਵਕ ਬਾਹਰ ਕੱਢ ਲਿਆ।
ਸਮੇਂ ਸਿਰ ਮਿਲੇ ਠੀਕ ਇਲਾਜ ਨਾਲ ਮਰੀਜ਼ ਦੀ ਜਾਨ ਬਚ ਗਈ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹਨ। ਇਸ ਸਫਲ ਇਲਾਜ ਵਿੱਚ ਡਾ. ਦੀਪਕ ਆਰਿਆ ਦੇ ਨਾਲ ਡਾ. ਕੇ.ਆਰ. ਆਰਿਆ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ।
ਡਾਕਟਰਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੱਛੀ ਜਾਂ ਹੱਡੀ ਵਾਲਾ ਭੋਜਨ ਖਾਂਦੇ ਸਮੇਂ ਖਾਸ ਸਾਵਧਾਨੀ ਬਰਤਣ। ਜੇ ਗਲੇ ਵਿੱਚ ਕੁਝ ਫੱਸ ਜਾਵੇ ਤਾਂ ਘਰੇਲੂ ਨੁਸਖਿਆਂ ‘ਤੇ ਭਰੋਸਾ ਕਰਨ ਦੀ ਬਜਾਏ ਤੁਰੰਤ ਵਿਸ਼ੇਸ਼ਗਿਆ ਡਾਕਟਰ ਨਾਲ ਸੰਪਰਕ ਕਰੋ।
ਆਰਿਆ ਹਸਪਤਾਲ ਦੀ ਟੀਮ ਵੱਲੋਂ ਕੀਤੇ ਗਏ ਇਸ ਜੀਵਨ ਬਚਾਉ ਉਪਰਾਲੇ ਦੀ ਇਲਾਕੇ ਵਿੱਚ ਕਾਫ਼ੀ ਸਰਾਹਨਾ ਕੀਤੀ ਜਾ ਰਹੀ ਹੈ।
