ਡਾਕਟਰਾਂ ਦੀ ਭਰਤੀ ਹੋਈ, ਪੀ ਜੀ ਨੀਤੀ ਦਾ ਡ੍ਰਾਫਟ ਵੀ ਤਿਆਰ ਪਰ ਸੁਰੱਖਿਆ ਦਾ ਮੁੱਦਾ ਪੈਂਡਿੰਗ
ਪਟਿਆਲਾ, 7 ਦਸੰਬਰ: ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਖਿਲ ਸਰੀਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਐਸੋਸੀਏਸ਼ਨ ਦੀਆਂ ਦੋ ਵੱਡੀਆਂ ਮੰਗਾਂ ਪ੍ਰਤੀ ਹੁੰਗਾਰਾ ਭਰਦੇ ਹੋਏ ਕਾਰਵਾਈ ਕੀਤੀ ਹੈ ਤੇ ਅਸ਼ਿਓਰਡ ਕੈਰੀਅਰ ਪ੍ਰੋਗਰੈਸ਼ਨ (ਏਸੀਪੀ) ਸਕੀਮ ਨੂੰ ਬਹਾਲ ਕਰਨ ਦੇ ਮੁੱਦੇ 'ਤੇ ਵਿੱਤ ਵਿਭਾਗ ਨੂੰ ਖਜ਼ਾਨੇ 'ਤੇ ਪੈਣ ਵਾਲੇ ਸੰਭਾਵੀ ਵਿੱਤੀ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਕਿਹਾ ਹੈ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਨੇ 1 ਜੁਲਾਈ, 2021 ਤੋਂ ਲੰਬਿਤ ਏ ਸੀ ਪੀ ਸਕੀਮ ਦੀ ਬਹਾਲੀ ਤੇ ਹੋਰਨਾਂ ਮੰਗਾਂ ਲਈ ਸਰਕਾਰ 'ਤੇ ਦਬਾਅ ਬਣਾਇਆ ਹੋਇਆ ਹੈ। ਏ ਸੀ ਪੀ ਸਕੀਮ ਚਾਰ, ਨੌਂ ਤੇ ਚੌਦਾਂ ਸਾਲਾਂ ਦੀ ਸੇਵਾ ਮਗਰੋਂ ਡਾਕਟਰਾਂ ਨੂੰ ਵਿੱਤੀ ਲਾਭ ਪ੍ਰਦਾਨ ਕਰਦੀ ਹੈ।
ਆਪਣੀਆਂ ਮੰਗਾਂ ਨੂੰ ਲੈ ਕੇ ਪੀਸੀਐਮਐਸਏ ਨੇ ਇਸ ਸਾਲ ਸਤੰਬਰ ਵਿੱਚ ਹੜਤਾਲ ਸ਼ੁਰੂ ਕੀਤੀ ਸੀ। ਡਾਕਟਰਾਂ ਦੀਆਂ ਹੋਰਨਾਂ ਮੰਗਾਂ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਘਾਟ ਦੂਰ ਕਰਨਾ ਤੇ ਮੈਡੀਕਲ ਪੇਸ਼ੇਵਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸ਼ਾਮਲ ਹਨ। ਸਤੰਬਰ ਮਹੀਨੇ ਵਿੱਚ ਸਿਹਤ ਮੰਤਰੀ ਡਾ: ਬਲਬੀਰ ਸਿੰਘ ਸਮੇਤ ਕੈਬਨਿਟ ਸਬ-ਕਮੇਟੀ ਨਾਲ ਹੋਈ ਮੀਟਿੰਗ ਦੌਰਾਨ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਏਸੀਪੀ ਸਕੀਮ 12 ਹਫ਼ਤਿਆਂ ਵਿੱਚ ਬਹਾਲ ਕਰ ਦਿੱਤੀ ਜਾਵੇਗੀ।
ਪਿੱਛੇ ਜਿਹੇ ਵਿੱਤ ਵਿਭਾਗ ਨੇ ਸਿਹਤ ਵਿਭਾਗ ਨੂੰ ਜੁਲਾਈ 2021 ਤੋਂ ਬਾਅਦ ਏ.ਸੀ.ਪੀ. ਸਕੀਮ ਤਹਿਤ ਬਕਾਇਆ ਡਾਕਟਰਾਂ ਦੇ ਵੇਰਵੇ ਮੁਹਈਆ ਕਰਵਾਉਣ ਲਈ ਕਿਹਾ ਸੀ। ਸਿਹਤ ਵਿਭਾਗ ਨੂੰ ਇਸ ਸਕੀਮ ਦੇ ਮੁੜ ਬਹਾਲ ਕਰਨ ਦੇ ਵਿੱਤੀ ਬੋਝ ਦਾ ਅੰਦਾਜ਼ਾ ਲਗਾਉਣ ਲਈ ਵੀ ਨਿਰਦੇਸ਼ ਦਿੱਤਾ ਗਿਆ ਸੀ। ਡਾ. ਸਰੀਨ ਨੇ ਦੱਸਿਆ ਕਿ ਰਾਜ ਸਰਕਾਰ ਨੇ ਪਿੱਛੇ ਜਿਹੇ 309 ਡਾਕਟਰਾਂ ਦੀ ਭਰਤੀ ਕੀਤੀ ਹੈ ਤੇ ਪੋਸਟ ਗ੍ਰੈਜੂਏਟ ਨੀਤੀ ਸਬੰਧੀ ਡ੍ਰਾਫਟ ਵੀ ਤਿਆਰ ਕਰ ਲਿਆ ਗਿਆ ਹੈ ਪਰ ਡਾਕਟਰਾਂ, ਖ਼ਾਸ ਕਰਕੇ ਰਾਤ ਦੀ ਡਿਊਟੀ ਕਰਨ ਵਾਲੇ ਡਾਕਟਰਾਂ ਦੀ ਸੁਰੱਖਿਆ ਦੀ ਵੱਡੀ ਮੰਗ ਬਾਰੇ ਅਜੇ ਤਕ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
