ਦੋਆਬਾ ਸਾਹਿਤ ਸਭਾ ਰਜਿ ਗੜ੍ਹਸ਼ੰਕਰ ਦੀ ਚੋਣ ਸਰਵਸੰਮਤੀ ਨਾਲ ਹੋਈ
ਗੜ੍ਹਸ਼ੰਕਰ, 20 ਮਾਰਚ:- ਅੱਜ ਬੰਗਾ ਚੌਂਕ ਵਿੱਚ ਗਾਂਧੀ ਪਾਰਕ ਵਿਖੇ ਸਥਿਤ ਸਰਦਾਰ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ ਵਿਖੇ ਦੁਆਬਾ ਸਾਹਿਤ ਸਭਾ ਰਜਿ. ਗੜਸ਼ੰਕਰ ਦੀ ਕਾਰਜਕਾਰਨੀ ਦੀ ਚੋਣ ਕੀਤੀ ਗਈ।
ਮੀਟਿੰਗ ਦੇ ਸ਼ੁਰੂਆਤ ਵਿੱਚ ਸਮੂਹ ਮੈਂਬਰਾਂ ਵੱਲੋਂ ਪੰਜਾਬੀ ਦੇ ਉੱਘੇ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਮੌਤ ਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ । ਅਮਰੀਕਾ ਇਜਰਾਇਲ ਵੱਲੋਂ ਇਰਾਨ ਤੇ ਥੋਪੇ ਯੁੱਧ ਅਤੇ ਹਮਲਿਆਂ ਵਿੱਚ 164 ਸਕੂਲੀ ਵਿਦਿਆਰਥਣਾਂ ਦੇ ਮਾਰੇ ਜਾਣ ਅਤੇ ਬੇਦੋਸ਼ੇ ਲੋਕਾਂ ਦੇ ਕਤਲਾਂ ਦੇ ਵਿਰੋਧ ਵਿੱਚ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਅਮਰੀਕਾ ਅਤੇ ਇਜਰਾਇਲ ਦੀ ਧੱਕੇਸ਼ਾਹੀ ਦੀ ਸਖਤ ਨਿੰਦਾ ਕੀਤੀ ਗਈ।
ਚੋਣ ਤੋਂ ਪਹਿਲਾਂ ਮੌਜੂਦਾ ਪ੍ਰਧਾਨ ਡਾ. ਬਿੱਕਰ ਸਿੰਘ ਨੇ ਆਪਣੇ ਕਾਰਜਕਾਰੀ ਸੈਸ਼ਨ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀl ਜਿਸ 'ਤੇ ਹਾਜ਼ਰ ਮੈਂਬਰਾਂ ਨੇ ਪੂਰਨ ਤਸੱਲੀ ਪ੍ਰਗਟ ਕੀਤੀ ਅਤੇ ਭਵਿੱਖ ਲਈ ਸੁਝਾਅ ਵੀ ਦਿੱਤੇ ਗਏ । ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਦੀ ਅਗਵਾਈ ਵਿੱਚ ਸਰਵਸੰਮਤੀ ਨਾਲ ਹੋਈ ਚੋਣ ਵਿੱਚ ਪ੍ਰਧਾਨ: ਪ੍ਰਿੰਸੀਪਲ ਡਾ.ਬਿੱਕਰ ਸਿੰਘ, ਸੀਨੀਅਰ ਮੀਤ ਪ੍ਰਧਾਨ: ਬਲਵੀਰ ਖਾਨਪੁਰੀ, ਮੀਤ ਪ੍ਰਧਾਨ: ਅਮਰੀਕ ਹਮਰਾਜ,ਮੁੱਖ ਸਕੱਤਰ: ਪਵਨ ਭੰਮੀਆਂ, ਵਿੱਤ ਸਕੱਤਰ: ਰਣਵੀਰ ਬੱਬਰ, ਜਥੇਬੰਦਕ ਸਕੱਤਰ :ਮੁਕੇਸ਼ ਗੁਜਰਾਤੀ , ਦਫ਼ਤਰ ਸਕੱਤਰ : ਹੰਸ ਰਾਜ, ਕਾਰਜਕਾਰੀ ਮੈਂਬਰ ਪ੍ਰਿੰਸੀਪਲ ਦਲਵਾਰਾ ਰਾਮ ਅਤੇ ਹਰਦੇਵ ਰਾਏ ਨੂੰ ਚੁਣਿਆ ਗਿਆ।
ਸ. ਮੁਖਤਿਆਰ ਸਿੰਘ ਹੈਪੀ, ਮੁੱਖ ਸਰਪ੍ਰਸਤ , ਸਰਵਣ ਸਿੱਧੂ, ਸਰਪ੍ਰਸਤ ਅਤੇ ਪ੍ਰੋ. ਸੰਧੂ ਵਰਿਆਣਵੀ ਸਲਾਹਕਾਰ ਹੋਣਗੇ। ਕਾਰਜਕਾਰਨੀ ਦੀ ਇਹ ਟੀਮ 1 ਅਪ੍ਰੈਲ 2026 ਤੋਂ 31ਮਾਰਚ 2028 ਤੱਕ ਕੰਮ ਕਰੇਗੀ। ਅੰਤ ਵਿੱਚ ਨਵੇਂ ਚੁਣੇ ਪ੍ਰਧਾਨ ਡਾ. ਬਿੱਕਰ ਸਿੰਘ ਵਲੋਂ ਪਿਛਲੇ ਸਮੇਂ ਦੌਰਾਨ ਸਮੂਹ ਮੈਂਬਰਾਂ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਮੈਂਬਰਾਂ ਵੱਲੋਂ ਵੀ ਨਵੀਂ ਚੁਣੀ ਹੋਈ ਟੀਮ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।
