5 ਜੁਲਾਈ ਨੂੰ ਹੋਵੇਗਾ ਜ਼ਿਲ੍ਹਾ ਪੱਧਰੀ ਗ੍ਰੀਨਾਥਾਨਵਣ ਮਹੋਤਸਵ 2026

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਜੁਲਾਈ:- ਵਣ ਮਹੋਤਸਵ–2026 ਦੇ ਸਬੰਧ ਵਿੱਚ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਵੱਲੋਂ ਡਿਵੀਜ਼ਨਲ ਫਾਰੈਸਟ ਅਫ਼ਸਰ, ਐੱਸ.ਏ.ਐੱਸ. ਨਗਰ ਸ੍ਰੀ ਅਮਨੀਤ ਸਿੰਘ, ਆਈ.ਐੱਫ.ਐੱਸ. ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ "ਗ੍ਰੀਨਾਥਾਨ–ਵਣ ਮਹੋਤਸਵ 2026" ਦਾ ਆਯੋਜਨ ਐਤਵਾਰ, 5 ਜੁਲਾਈ ਨੂੰ ਕੀਤਾ ਜਾ ਰਿਹਾ ਹੈ। ਇਸ ਉਪਰਾਲੇ ਦਾ ਉਦੇਸ਼ ਵਾਤਾਵਰਣ ਸੁਰੱਖਿਆ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਹਰਿਆਵਲ ਨੂੰ ਉਤਸ਼ਾਹਿਤ ਕਰਨਾ ਅਤੇ ਰੁੱਖ ਲਗਾਉਣ ਦੇ ਸੰਦੇਸ਼ ਨੂੰ ਜਨ-ਅੰਦੋਲਨ ਦਾ ਰੂਪ ਦੇਣਾ ਹੈ।
ਇਹ ਸਮਾਗਮ ਫੇਜ਼-5 ਪਾਰਕਿੰਗ, ਬੋਗਨਵਿਲੀਆ ਪਾਰਕ ਦੇ ਸਾਹਮਣੇ, ਮੋਹਾਲੀ ਤੋਂ ਆਰੰਭ ਹੋ ਕੇ ਸ੍ਰੀ ਅੰਬ ਸਾਹਿਬ ਗੁਰਦੁਆਰਾ, ਮੋਹਾਲੀ ਵਿਖੇ ਸਮਾਪਤ ਹੋਵੇਗਾ। ਲਗਭਗ 3 ਕਿਲੋਮੀਟਰ ਦੇ ਰੂਟ ਲਈ ਭਾਗੀਦਾਰਾਂ ਨੂੰ ਸਵੇਰੇ 5:30 ਵਜੇ ਤੱਕ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਸਵੇਰੇ 6:00 ਵਜੇ ਵਾਰਮ-ਅੱਪ ਸੈਸ਼ਨ ਉਪਰੰਤ ਸਵੇਰੇ 6:30 ਵਜੇ ਮੁੱਖ ਮਹਿਮਾਨ ਵੱਲੋਂ ਗ੍ਰੀਨਾਥਾਨ ਦੌੜ ਅਤੇ ਗ੍ਰੀਨ ਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਜਾਵੇਗਾ।
ਸਮਾਗਮ ਵਿੱਚ ਵਿਦਿਅਕ ਸੰਸਥਾਵਾਂ, ਸਾਈਕਲਿੰਗ ਕਲੱਬਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਯੁਵਾ ਕਲੱਬਾਂ, ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਸੰਸਥਾਵਾਂ, ਵੱਖ-ਵੱਖ ਸਰਕਾਰੀ ਵਿਭਾਗਾਂ, ਕਾਰਪੋਰੇਟ ਅਦਾਰਿਆਂ ਅਤੇ ਆਮ ਨਾਗਰਿਕਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦੀ ਉਮੀਦ ਹੈ। ਇੱਛੁਕ ਵਿਅਕਤੀ ਗ੍ਰੀਨਾਥਾਨ ਦੌੜ ਜਾਂ ਗ੍ਰੀਨ ਸਾਈਕਲ ਰੈਲੀ ਵਿੱਚ ਭਾਗ ਲੈ ਕੇ ਵਾਤਾਵਰਣ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕਰ ਸਕਦੇ ਹਨ।
ਜੰਗਲਾਤ ਵਿਭਾਗ ਅਨੁਸਾਰ ਇਹ ਉਪਰਾਲਾ ਕੇਵਲ ਦੌੜ ਜਾਂ ਸਾਈਕਲ ਰੈਲੀ ਤੱਕ ਸੀਮਤ ਨਹੀਂ, ਸਗੋਂ ਲੋਕਾਂ ਨੂੰ ਰੁੱਖ ਲਗਾਉਣ, ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ, ਪ੍ਰਦੂਸ਼ਣ-ਰਹਿਤ ਆਵਾਜਾਈ ਦੇ ਸਾਧਨਾਂ ਨੂੰ ਉਤਸ਼ਾਹਿਤ ਕਰਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਤੇ ਹਰਿਆ-ਭਰਿਆ ਵਾਤਾਵਰਣ ਸਿਰਜਣ ਲਈ ਪ੍ਰੇਰਿਤ ਕਰਨ ਦਾ ਸਾਂਝਾ ਯਤਨ ਹੈ।
ਸਮਾਗਮ ਦੇ ਸਮਾਪਨ ਉਪਰੰਤ ਸਮੂਹ ਭਾਗੀਦਾਰਾਂ ਨੂੰ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਹਰ ਭਾਗੀਦਾਰ ਨੂੰ ਵਾਤਾਵਰਣ ਸੰਭਾਲ ਪ੍ਰਤੀ ਵਚਨਬੱਧਤਾ ਦੇ ਪ੍ਰਤੀਕ ਵਜੋਂ ਇੱਕ ਰੁੱਖ ਦਾ ਪੌਦਾ ਵੀ ਭੇਟ ਕੀਤਾ ਜਾਵੇਗਾ।
ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਹਰਿਆਵਲ ਮੁਹਿੰਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਵਾਤਾਵਰਣ ਸੰਭਾਲ ਲਈ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਅਤੇ "ਗ੍ਰੀਨਾਥਾਨ–ਵਣ ਮਹੋਤਸਵ 2026" ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।