ਡੇਂਗੂ ਤੋਂ ਬਚਾਅ ਲਈ ਜ਼ਿਲ੍ਹਾ ਸਿਹਤ ਵਿਭਾਗ ਦੀ ਵਿਆਪਕ ਕਾਰਵਾਈ
ਹੁਸ਼ਿਆਰਪੁਰ:- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਡੇਂਗੂ ਰੋਕਥਾਮ ਲਈ ਚਲਾਈ ਜਾ ਰਹੀ ਰਾਜ ਪੱਧਰੀ ਮੁਹਿੰਮ “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਤਹਿਤ ਅੱਜ ਵਿਆਪਕ ਪੱਧਰ ‘ਤੇ ਸਫਾਈ, ਜਾਂਚ ਅਤੇ ਜਾਗਰੂਕਤਾ ਗਤੀਵਿਧੀਆਂ ਅੰਜ਼ਾਮ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਗਰਗ ਨੇ ਦੱਸਿਆ ਕਿ ਕੱਲ ਦੀ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਸਕੂਲਾਂ, ਦਫਤਰਾਂ ਅਤੇ ਘਰਾਂ ਸਮੇਤ 8439 ਥਾਂਵਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ।
ਜਿਸ ਦੌਰਾਨ 96 ਘਰਾਂ ਵਿੱਚ ਮੱਛਰਾਂ ਦਾ ਲਾਰਵਾ ਮਿਲਿਆ। ਉਨ੍ਹਾਂ ਕਿਹਾ ਕਿ 146 ਤਜਰਬੇਕਾਰ ਟੀਮਾਂ ਨੇ ਪਿੰਡਾਂ ਤੋਂ ਲੈ ਕੇ ਸ਼ਹਿਰੀ ਇਲਾਕਿਆਂ ਤੱਕ ਵਿਆਪਕ ਸਰਵੇ ਕੀਤਾ ਅਤੇ ਜਿੰਨ੍ਹਾਂ ਥਾਵਾਂ ‘ਤੇ ਲਾਰਵਾ ਮਿਲਿਆ, ਉੱਥੇ ਤੁਰੰਤ ਸਫਾਈ, ਸੋਰਸ ਰਿਡਕਸ਼ਨ ਅਤੇ ਪਾਣੀ ਦੀ ਨਿਕਾਸ ਬਾਰੇ ਲੋਕਾਂ ਨੂੰ ਹਦਾਇਤਾਂ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਘਰਾਂ ਵਿੱਚ ਪਿਆ ਬੇਕਾਰ ਪਾਣੀ, ਕੂਲਰ, ਛੱਤਾਂ, ਗਮਲਿਆਂ, ਪੁਰਾਣੇ ਟਾਇਰਾਂ, ਪੌਲਿਥਿਨ ਥੈਲੀਆਂ ਜਾਂ ਹੋਰ ਥਾਵਾਂ ਜਿੱਥੇ ਪਾਣੀ ਇਕੱਠਾ ਰਹਿੰਦਾ ਹੈ, ਡੇਂਗੂ ਮੱਛਰਾਂ ਦੀ ਬਰੀਡਿੰਗ ਲਈ ਸਭ ਤੋਂ ਵੱਧ ਖਤਰਨਾਕ ਹਨ। ਡਾ. ਸੀਮਾ ਗਰਗ ਨੇ ਕਿਹਾ ਕਿ ਜਨਤਾ ਦਾ ਸਹਿਯੋਗ ਇਸ ਮੁਹਿੰਮ ਦੀ ਕਾਮਯਾਬੀ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ। ਕਿਉਂਕਿ ਮੱਛਰਾਂ ਦੀ ਬਰੀਡਿੰਗ ਜ਼ਿਆਦਾਤਰ ਘਰਾਂ ਦੇ ਅੰਦਰ ਅਤੇ ਆਸ-ਪਾਸ ਹੁੰਦੀ ਹੈ, ਇਸ ਲਈ ਸਿਰਫ ਸਰਕਾਰੀ ਟੀਮਾਂ ਦੇ ਦੌਰੇ ਕਾਫ਼ੀ ਨਹੀਂ।
ਹਰ ਵਿਅਕਤੀ ਨੂੰ ਆਪਣੇ ਘਰ ਅਤੇ ਆਲੇ-ਦੁਆਲੇ ਦੇ ਵਾਤਾਵਰਣ ਦੀ ਨਿਯਮਿਤ ਸਫਾਈ ਕਰਨੀ ਚਾਹੀਦੀ ਹੈ ਤਾਂ ਜੋ ਮੱਛਰਾਂ ਦੀ ਪੈਦਾਵਾਰ ਰੋਕੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਡੇਂਗੂ ਦੇ ਲੱਛਣਾਂ—ਜਿਵੇਂ ਤੇਜ਼ ਬੁਖਾਰ, ਸਿਰਦਰਦ, ਅੱਖਾਂ ਦੇ ਪਿੱਛੇ ਦਰਦ, ਸਰੀਰ ਦਰਦ, ਜੋੜਾਂ ਦਾ ਦਰਦ ਅਤੇ ਚਕਤੇ—ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਜੇ ਕਿਸੇ ਨੂੰ ਇਹ ਲੱਛਣ ਮਹਿਸੂਸ ਹੁੰਦੇ ਹਨ, ਤਾਂ ਉਹ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸਥਾਨ 'ਤੇ ਜਾਂਚ ਕਰਵਾਏ, ਕਿਉਂਕਿ ਸਮੇਂ ਸਿਰ ਇਲਾਜ ਨਾਲ ਬਿਮਾਰੀ ਨੂੰ ਗੰਭੀਰ ਹੋਣ ਤੋਂ ਬਚਾਇਆ ਜਾ ਸਕਦਾ ਹੈ। ਡਾ. ਸੀਮਾ ਗਰਗ ਨੇ ਜ਼ਿਲ੍ਹੇ ਵਿੱਚ ਡੇਂਗੂ ਅਤੇ ਚਿਕਨਗੁਨਿਆ ਦੀ ਮੌਜੂਦਾ ਸਥਿਤੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਵਿੱਚ ਕੁੱਲ 181 ਡੇਂਗੂ ਕੇਸ ਅਤੇ 9 ਚਿਕਨਗੁਨਿਆ ਕੇਸ ਦਰਜ ਹੋਏ ਹਨ।
