ਕਾਰਲ ਮਾਰਕਸ ਦੇ ਜਨਮ ਦਿਹਾੜੇ ਤੇ ਵਿਚਾਰ ਚਰਚਾ
ਜਲੰਧਰ:- ਕਾਰਲ ਮਾਰਕਸ ਦੇ 208ਵੇਂ ਜਨਮ ਦਿਹਾੜੇ ਮੌਕੇ 5 ਮਈ ਸਵੇਰੇ ਠੀਕ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਭਾਈ ਸੰਤੋਖ ਸਿੰਘ ਕਿਰਤੀ ਭਾਸ਼ਣ ਲੜੀ ਤਹਿਤ ਹੋ ਰਹੇ ਵਿਚਾਰ ਚਰਚਾ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 'ਅਜੋਕੇ ਸਮੇਂ 'ਚ ਮਾਰਕਸਵਾਦ ਦੀ ਪ੍ਰਸੰਗਿਕਤਾ' ਵਿਸੇ 'ਤੇ ਲੇਖਕ, ਜਮਹੂਰੀ ਹੱਕਾਂ ਦੇ ਝੰਡਾਬਰਦਾਰ ਅਤੇ ਮਿਆਰੀ ਸਾਹਿਤ ਦੇ ਅਨੁਵਾਦਕ ਬੂਟਾ ਸਿੰਘ ਮਹਿਮੂਦਪੁਰ ਇਸ ਵਿਚਾਰ ਚਰਚਾ ਵਿੱਚ ਮੁੱਖ ਵਕਤਾ ਹੋਣਗੇ।
ਉਹਨਾਂ ਦੱਸਿਆ ਕਿ ਸਮੂਹ ਸਾਹਿਤਕ ਸਭਿਆਚਾਰਕ, ਜਮਹੂਰੀ, ਤਰਕਸ਼ੀਲ, ਮਿਹਨਤਕਸ਼ ਵਰਗਾਂ ਨਾਲ ਸੰਬੰਧਿਤ ਅਤੇ ਸਮਾਜਿਕ, ਲੋਕ ਪੱਖੀ ਸਮੂਹ ਸੰਸਥਾਵਾਂ ਨੂੰ ਵਿਚਾਰ ਚਰਚਾ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਜਿਸਨੂੰ ਭਰਵਾਂ ਹੁੰਗਾਰਾ ਭਰਿਆ ਜਾ ਰਿਹਾ ਹੈ।
