ਡਾਇਰੈਕਟਰ ਐੱਸ ਸੀ ਈ ਆਰ ਟੀ ਪੰਜਾਬ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਦੌਰਾ

ਨਵਾਂਸ਼ਹਿਰ, 4 ਜਨਵਰੀ:- ਰਾਜ ਵਿੱਦਿਅਕ ਖੋਜ ਤੇ ਸਿਖਲਾਈ ਸੰਸਥਾ ਪੰਜਾਬ ਦੇ ਡਾਇਰੈਕਟਰ ਕਿਰਨ ਸ਼ਰਮਾ ਵੱਲੋਂ ਅੱਜ ਕਰਵਾਈ ਗਈ ਅੱਠਵੀਂ ਜਮਾਤ ਦੀ ਨੈਸ਼ਨਲ ਮੀਨਜ-ਕਮ-ਮੈਰਿਟ ਸਕਾਲਰਸ਼ਿਪ ਅਤੇ ਦਸਵੀਂ ਜਮਾਤ ਦੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਅਧੀਨ ਵੱਖ-ਵੱਖ ਪ੍ਰੀਖਿਆ ਕੇਂਦਰਾ ਦਾ ਦੌਰਾ ਕੀਤਾ ਗਿਆ। ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਕਿਸੇ ਵੀ ਤਰਾਂ ਦੀ ਔਖਿਆਈ ਨਾ ਆਵੇ ਇਸ ਮੰਤਵ ਨਾਲ ਜਿਲਾ ਪੱਧਰ 'ਤੇ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਸਨ। 
ਲੋੜ ਪੈਣ 'ਤੇ ਵਿਦਿਆਰਥੀ ਆਪਣੇ ਸਕੂਲ ਮੁਖੀਆਂ ਦੇ ਮਾਧਿਅਮ ਰਾਹੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਸਨ। ਇਹਨਾਂ ਦੋਵੇਂ ਪ੍ਰੀਖਿਆਵਾਂ ਦਾ ਸਮਾਂ 11 ਵਜੇ ਤੋਂ 2 ਵਜੇ ਤੱਕ ਸੀ। ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਪੰਜਾਬ ਕਿਰਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਇਹਨਾਂ ਪ੍ਰੀਖਿਆਵਾਂ ਦਾ ਉਦੇਸ਼ ਹੁਸ਼ਿਆਰ ਵਿਦਿਆਰਥੀਆਂ ਦੀ ਆਰਥਿਕ ਪੱਖੋਂ ਮੱਦਦ ਕਰਨਾ ਹੈ ਤਾਂ ਜੋ ਉਹ ਅਗਲੀ ਜਮਾਤਾਂ ਦੀ ਪੜ੍ਹਾਈ ਬਿਨਾਂ ਰੁਕਾਵਟ ਜਾਰੀ ਰੱਖ ਸਕਣ। 
ਜਿੱਥੇ ਐੱਨ.ਐੱਮ.ਐੱਮ. ਐੱਸ.ਸਕੀਮ ਅਧੀਨ ਪਾਸ ਹੋਏ ਵਿਦਿਆਰਥੀਆਂ ਨੂੰ ਅਗਲੇ ਚਾਰ ਸਾਲਾਂ ਵਿੱਚ ਪ੍ਰਤੀ ਮਹੀਨਾ 1000/- ਰੁਪਏ ਰਾਸ਼ੀ ਦਿੱਤੀ ਜਾਂਦੀ ਹੈ, ਉੱਥੇ ਦਸਵੀਂ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ 4800/- ਅਗਲੇ ਦੋ ਸਾਲਾਂ ਵਿੱਚ ਦਿੱਤੀ ਜਾਂਦੀ ਹੈ। ਇਹਨਾਂ ਪ੍ਰੀਖਿਆਵਾਂ ਦਾ ਉਦੇਸ਼ ਨਿਰੋਲ ਮੈਰਿਟ 'ਤੇ ਆਧਾਰਿਤ 'ਤੇ ਯੋਗ ਵਿਦਿਆਰਥੀਆਂ ਦੀ ਚੋਣ ਹੈ। 
ਇਸ ਸੰਬੰਧੀ ਸਹਾਇਕ ਡਾਇਰੈਕਟਰ (ਸਕੀਮ) ਸੀਮਾ ਖੇੜਾ ਅਤੇ ਸਟੇਟ ਨੋਡਲ ਅਫਸਰ ਅਸ਼ੋਕ ਕੁਮਾਰ ਦੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਇਹਨਾਂ ਪ੍ਰੀਖਿਆਵਾਂ ਲਈ 306 ਪ੍ਰੀਖਿਆ ਕੇਂਦਰ ਬਣਾਏ ਗਏ ਸਨ।ਇਹ ਪ੍ਰੀਖਿਆ ਪੂਰੇ ਪੰਜਾਬ ਵਿੱਚ ਅਮਨ ਸ਼ਾਂਤੀ ਨਾਲ ਨੇਪਰੇ ਚੜੀ।