ਧੂਰੀ ਗਜ਼ਲ ਸਕੂਲ ਦੀ ਪਹਿਲੀ ਪਾਠ ਪੁਸਤਕ ਵਿਹਾਰਕ ਪੰਜਾਬੀ ਵਿਆਕਰਨ ਅਤੇ ਸਾਹਿਤ ਰਚਨਾ

ਧੂਰੀ:- ਉਸਤਾਦ ਗ਼ਜ਼ਲਗੋ ਸਰਦਾਰ ਰਣਜੀਤ ਸਿੰਘ ਧੂਰੀ ਜੀ‌ ਨੇ ਅਣਥੱਕ ਮਿਹਨਤ ਕਰ ਕੇ 'ਧੂਰੀ ਗ਼ਜ਼ਲ ਸਕੂਲ' ਦੀ ਪਹਿਲੀ ਪਾਠ ਪੁਸਤਕ 'ਵਿਹਾਰਕ ਪੰਜਾਬੀ ਵਿਆਕਰਨ ਅਤੇ ਸਾਹਿਤ ਰਚਨਾ' ਨੂੰ‌ ਸਾਹਿਤ ਪ੍ਰੇਮੀਆਂ ਅਤੇ ਲਿਖਣ ਵਿਧਾ ਸਿੱਖਣ ਦੇ ਚਾਹਵਾਨ ਸਿਖਿਆਰਥੀਆਂ ਦੀ ਝੋਲੀ ਵਿੱਚ ਪਾਇਆ ਹੈ। ਉਹਨਾਂ ਦੀ ਮਿਹਨਤ ਇਸ ਪੁਸਤਕ ਦੇ ਹਰ ਪੰਨੇ ਵਿੱਚੋਂ ਸਪੱਸ਼ਟ ਝਲਕਦੀ ਹੈ। ਇਸ ਵਿੱਚ ਸਾਰਾ ਕੁੱਝ ਬਹੁਤ ਹੀ ਵਿਸਥਾਰਪੂਰਵਕ ਅਤੇ ਆਸਾਨ ਢੰਗ ਨਾਲ਼ ਸਮਝਾਇਆ ਗਿਆ ਹੈ। 
ਉਨ੍ਹਾਂ ਨੇ ਵਿਆਕਰਨ ਦੇ ਨਿਯਮਾਂ ਨੂੰ ਸਧਾਰਨ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ, ਸਿਖਿਆਰਥੀਆਂ ਦੀ ਸਮਝ ਅਨੁਸਾਰ ਹਰ ਵਿਸ਼ੇ ਨੂੰ ਉਦਾਹਰਨਾਂ ਨਾਲ਼ ਸਪੱਸ਼ਟ ਕੀਤਾ ਹੈ। ਉਨ੍ਹਾਂ ਦੀ ਲਗਨ ਤੇ ਨਿਸ਼ਠਾ ਇਸ ਗੱਲ ‘ਚ ਨਜ਼ਰ ਆਉਂਦੀ ਹੈ ਕਿ ਭਾਸ਼ਾ ਦੇ ਬੁਨਿਆਦੀ ਪੱਖ ਤੋਂ ਲੈ ਕੇ ਸਾਹਿਤਕ ਰਚਨਾ ਤਕ ਸਾਰੀ ਸਮੱਗਰੀ ਨੂੰ ਬਹੁਤ ਹੀ ਤਰਤੀਬ ਬੱਧ ਢੰਗ ਨਾਲ਼ ਜੋੜਿਆ ਹੈ। 
ਇਸ ਪੁਸਤਕ ਵਿੱਚ ਉਸਤਾਦ ਜੀ ਦੁਆਰਾ ਅੱਖਰ-ਬੋਧ ਤੋਂ ਲੈ ਕੇ ਮੁਹਾਵਰੇ, ਅਖਾਣ ਅਤੇ ਵਿਆਕਰਨ ਦੇ ਨਿਯਮਾਂ ਤਕ ਸਾਰਾ ਸਿਲੇਬਸ ਰੌਚਕ ਢੰਗ ਨਾਲ਼ ਪੇਸ਼ ਕੀਤਾ ਹੈ ਅਤੇ ਨਾਲ਼ ਹੀ ਇਸ ਪੁਸਤਕ ਦੇ ਦੂਜੇ ਭਾਗ 'ਸਾਹਿਤ-ਰਚਨਾ' ਵਿੱਚ ਪੈਰ੍ਹਾ-ਰਚਨਾ, ਲੇਖ, ਕਹਾਣੀ, ਨਾਵਲ, ਨਾਟਕ ਅਤੇ ਕਾਵਿ-ਰਚਨਾ ਸਾਰੇ ਰੂਪਾਂ ਦੀ ਸਿਖਲਾਈ ਬਹੁਤ ਆਸਾਨ ਤਰੀਕੇ ਨਾਲ਼ ਸਮਝਾਈ ਹੈ, ਜੋ ਸਿਖਿਆਰਥੀਆਂ ਦੀ ਰਚਨਾਤਮਕ ਸੋਚ ਨੂੰ ਨਿਖਾਰਦੀ ਹੈ। 
ਇਹ ਪੁਸਤਕ ਸਿਰਫ਼ ਜਾਣਕਾਰੀ ਦਾ ਸਰੋਤ ਨਹੀਂ, ਸਗੋਂ ਸਾਲਾਂ ਦੇ ਅਨੁਭਵ, ਗਹਿਰੀ ਸੋਚ ਅਤੇ ਨਿਰੰਤਰ ਮਿਹਨਤ ਦਾ ਪ੍ਰਤੀਕ ਅਤੇ ਅਨਮੋਲ ਖ਼ਜ਼ਾਨਾ ਹੈ, ਜੋ ਸਿਖਿਆਰਥੀਆਂ ਦੀ ਭਾਸ਼ਾ ਅਤੇ ਕਲਮ ਦੋਵਾਂ ਨੂੰ ਮਜ਼ਬੂਤ ਬਣਾਉਂਦੀ ਹੈ।