ਵਿਕਸਿਤ ਭਾਰਤ ਵਿਕਸਿਤ ਹਰਿਆਣਾ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ ਹਰਿਆਣਾ ਨਾਇਬ ਸਿੰਘ ਸੈਣੀ

ਚੰਡੀਗੜ੍ਹ, 15 ਅਗਸਤ:- ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ 80ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਹਾਂਸੀ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਸੂਬਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਅਤੇ ਤੀਜ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਤੋਂ ਬਾਅਦ ਰਾਸ਼ਟਰ ਦੀ ਰਾਖੀ ਲਈ ਕੁਰਬਾਨੀ ਦੇਣ ਵਾਲੇ ਜਾਣੇ-ਪਛਾਣੇ ਅਤੇ ਅਣਜਾਣ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਹਰਿਆਣਾ ਨੇ ਆਜ਼ਾਦੀ ਸੰਗਰਾਮ ਤੋਂ ਲੈ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਤੱਕ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ।
ਮੁੱਖ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ ਦੇ ਸਿਲਵਰ ਮੈਡਲ ਜੇਤੂ ਹਾਂਸੀ ਦੇ ਬਾਕਸਰ ਨਰੇਂਦਰ ਬੇਰਵਾਲ ਨੂੰ ਸਨਮਾਨਿਤ ਕੀਤਾ ਅਤੇ ਸਰਵਿਸ ਸਕਿਓਰਿਟੀ ਐਕਟ ਤਹਿਤ 9 ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਗਾਰੰਟੀ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਦੌਰਾਨ ਸਕੂਲੀ ਬੱਚਿਆਂ ਦੀਆਂ ਟੀਮਾਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਅਤੇ ਐਚ.ਪੀ.ਏ., ਮਧੂਬਨ ਦੇ ਪੁਲਿਸ ਕਰਮਚਾਰੀਆਂ ਨੇ ਵੀ ਪ੍ਰਭਾਵਸ਼ਾਲੀ ਸ਼ੋਅ ਪੇਸ਼ ਕੀਤਾ। ਮੁੱਖ ਮੰਤਰੀ ਨੇ ਪਰੇਡ ਤੋਂ ਸਲਾਮੀ ਲਈ ਅਤੇ ਹਰਿਆਣਾ ਦੀ ਵਿਕਾਸ ਯਾਤਰਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਮੌਜੂਦਾ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਸੂਬਾ ‘ਵਿਕਸਿਤ ਭਾਰਤ-ਵਿਕਸਿਤ ਹਰਿਆਣਾ’ ਦੇ ਸੰਕਲਪ ਨਾਲ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਾਂਸੀ ਸੂਬੇ ਦਾ 23ਵਾਂ ਜ਼ਿਲ੍ਹਾ ਬਣਿਆ ਹੈ ਅਤੇ ਉਨ੍ਹਾਂ ਨੂੰ ਇੱਥੇ ਆਜ਼ਾਦੀ ਦਿਹਾੜੇ 'ਤੇ ਝੰਡਾ ਲਹਿਰਾਉਣ ਦਾ ਸੁਭਾਗ ਮਿਲਿਆ ਹੈ। ਹਾਂਸੀ ਦੇ ਵਿਕਾਸ ਲਈ ਪ੍ਰਸ਼ਾਸਨਿਕ ਕੰਮਾਂ ਦੇ ਸੁਚਾਰੂ ਸੰਚਾਲਨ ਲਈ 471 ਅਹੁਦੇ ਮਨਜ਼ੂਰ ਕੀਤੇ ਗਏ ਹਨ ਅਤੇ 50 ਬੈੱਡਾਂ ਵਾਲੇ ਹਸਪਤਾਲ ਨੂੰ ਅੱਪਗ੍ਰੇਡ ਕਰਕੇ 100 ਬੈੱਡਾਂ ਦਾ ਕੀਤਾ ਗਿਆ ਹੈ। ਵਿਕਾਸ ਕਾਰਜਾਂ ਨੂੰ ਤੇਜ਼ੀ ਦੇਣ ਲਈ ਲੋਕ ਨਿਰਮਾਣ ਵਿਭਾਗ ਦੇ ਨਵੇਂ ਮੰਡਲ ਅਤੇ ਉਪ-ਮੰਡਲ ਵੀ ਸਥਾਪਿਤ ਕੀਤੇ ਗਏ ਹਨ।

‘ਵਿਕਸਿਤ ਭਾਰਤ-ਵਿਕਸਿਤ ਹਰਿਆਣਾ’ ਦੇ ਸੰਕਲਪ ਨਾਲ ਅੱਗੇ ਵਧਣ ਦਾ ਸੱਦਾ:
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਲਗਭਗ 12 ਸਾਲਾਂ ਵਿੱਚ ਹਰਿਆਣਾ ਦਾ ਵਿਕਾਸ ਸਮਾਨਤਾ, ਸਦਭਾਵਨਾ ਅਤੇ ਸਹਿਣਸ਼ੀਲਤਾ ਨਾਲ ਹੋਇਆ ਹੈ ਅਤੇ ਸਰਕਾਰ ਦੇ ਯਤਨਾਂ ਨਾਲ ਆਮ ਆਦਮੀ ਦਾ ਜੀਵਨ ਵਧੇਰੇ ਸਰਲ, ਸੁਖਾਲਾ ਅਤੇ ਸੁਰੱਖਿਅਤ ਹੋਇਆ ਹੈ। ਉਨ੍ਹਾਂ ਨੇ ਪ੍ਰਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਮਹਾਨ ਸੱਭਿਆਚਾਰਕ ਪਰੰਪਰਾਵਾਂ ਅਤੇ ਉੱਚ ਨੈਤਿਕ ਮੁੱਲਾਂ ਨੂੰ ਅਪਣਾਉਂਦੇ ਹੋਏ ‘ਵਿਕਸਿਤ ਭਾਰਤ-ਵਿਕਸਿਤ ਹਰਿਆਣਾ’ ਦੇ ਨਿਰਮਾਣ ਲਈ ਸਖ਼ਤ ਮਿਹਨਤ ਕਰਨ ਦਾ ਸੰਕਲਪ ਲੈਣ।

‘ਬਿਨਾਂ ਖਰਚੀ-ਬਿਨਾਂ ਪਰਚੀ’ ਨੌਜਵਾਨਾਂ ਨੂੰ ਮਿਲ ਰਿਹਾ ਰੋਜ਼ਗਾਰ:
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਲਗਭਗ 12 ਸਾਲਾਂ ਵਿੱਚ ਵਿਵਸਥਾ ਵਿੱਚ ਪਾਰਦਰਸ਼ਤਾ ਲਿਆਉਣ ਦੇ ਨਾਲ-ਨਾਲ ਸੇਵਾਵਾਂ ਅਤੇ ਯੋਜਨਾਵਾਂ ਦਾ ਲਾਭ ਲੋਕਾਂ ਦੇ ਘਰ-ਘਰ ਤੱਕ ਪਹੁੰਚਾਇਆ ਹੈ। ਵਿਧਾਨ ਸਭਾ ਚੋਣਾਂ ਦੇ ਸੰਕਲਪ-ਪੱਤਰ ਵਿੱਚ ਕੀਤੇ ਗਏ 217 ਸੰਕਲਪਾਂ ਵਿੱਚੋਂ 70 ਸੰਕਲਪ ਪਿਛਲੇ ਡੇਢ ਸਾਲ ਵਿੱਚ ਪੂਰੇ ਕੀਤੇ ਜਾ ਚੁੱਕੇ ਹਨ, ਜਦੋਂ ਕਿ 147 'ਤੇ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਈ-ਗਵਰਨੈਂਸ ਰਾਹੀਂ ਭ੍ਰਿਸ਼ਟਾਚਾਰ ਅਤੇ ਵਿਚੋਲਿਆਂ 'ਤੇ ਪ੍ਰਭਾਵਸ਼ਾਲੀ ਚੋਟ ਕੀਤੀ ਗਈ ਹੈ। ‘ਬਿਨਾਂ ਖਰਚੀ-ਬਿਨਾਂ ਪਰਚੀ’ ਦਾ ਪਾਰਦਰਸ਼ੀ ਭਰਤੀ ਤੰਤਰ, ਆਨਲਾਈਨ ਰਜਿਸਟਰੀ, ਆਨਲਾਈਨ ਤਬਾਦਲਾ ਨੀਤੀ ਅਤੇ ਪੜ੍ਹੀਆਂ-ਲਿਖੀਆਂ ਪੰਚਾਇਤਾਂ ਨਵੇਂ ਹਰਿਆਣਾ ਦੀ ਪਛਾਣ ਬਣ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਲਗਭਗ 12 ਸਾਲਾਂ ਵਿੱਚ ‘ਬਿਨਾਂ ਖਰਚੀ-ਬਿਨਾਂ ਪਰਚੀ’ ਦੇ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਪਿਛਲੇ ਡੇਢ ਸਾਲ ਵਿੱਚ ਹੀ ਲਗਭਗ 43 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ। ਸੂਬੇ ਦੇ 1 ਲੱਖ 56 ਹਜ਼ਾਰ ਨੌਜਵਾਨਾਂ ਨੂੰ ਹੁਨਰ ਸਿਖਲਾਈ ਦਿੱਤੀ ਗਈ ਹੈ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲਾ ਬਣਾਉਣ ਦੇ ਉਦੇਸ਼ ਨਾਲ ਨਵੀਂ ਹਰਿਆਣਾ ਪ੍ਰਗਤੀਸ਼ੀਲ ਐੱਮ.ਐੱਸ.ਐੱਮ.ਈ. ਅਤੇ ਨਿਰਯਾਤ ਪ੍ਰੋਤਸਾਹਨ ਨੀਤੀ-2026 ਲਾਗੂ ਕੀਤੀ ਗਈ ਹੈ, ਜਿਸ ਤਹਿਤ 55 ਹਜ਼ਾਰ ਕਰੋੜ ਰੁਪਏ ਤੋਂ ਵੱਧ ਨਿਵੇਸ਼ ਅਤੇ 5 ਲੱਖ ਤੋਂ ਵੱਧ ਨਵੇਂ ਰੋਜ਼ਗਾਰ ਪੈਦਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਕਿਸਾਨਾਂ ਦੇ ਹਿੱਤ ਵਿੱਚ ਲਏ ਵੱਡੇ ਫੈਸਲੇ:
ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਿਸਾਨ ਸਰਕਾਰ ਦੀਆਂ ਨੀਤੀਆਂ ਦੇ ਕੇਂਦਰ ਵਿੱਚ ਹਨ। ਹਰਿਆਣਾ ਵਿੱਚ ਲਗਭਗ 24 ਹਜ਼ਾਰ ਕਿਸਾਨਾਂ ਨੇ 44 ਹਜ਼ਾਰ ਏਕੜ ਜ਼ਮੀਨ 'ਤੇ ਕੁਦਰਤੀ ਖੇਤੀ ਅਪਣਾਈ ਹੈ। ਰਾਜ ਵਿੱਚ 24 ਫਸਲਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ 'ਤੇ ਕੀਤੀ ਜਾ ਰਹੀ ਹੈ। ਹੁਣ ਤੱਕ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਫਸਲ ਖਰੀਦ ਦੇ ਸਿੱਧੇ 1 ਲੱਖ 86 ਹਜ਼ਾਰ ਕਰੋੜ ਰੁਪਏ ਪਾਏ ਜਾ ਚੁੱਕੇ ਹਨ। ਪਿਛਲੇ ਲਗਭਗ 12 ਸਾਲਾਂ ਵਿੱਚ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦੇ ਮੁਆਵਜ਼ੇ ਵਜੋਂ 16 ਹਜ਼ਾਰ ਕਰੋੜ ਰੁਪਏ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਨਕਲੀ ਖਾਦ, ਬੀਜ ਅਤੇ ਕੀਟਨਾਸ਼ਕਾਂ ਤੋਂ ਬਚਾਉਣ ਲਈ ਨਵਾਂ ਕਾਨੂੰਨ ਬਣਾਇਆ ਗਿਆ ਹੈ। ਨਾਲ ਹੀ, ਆਧੁਨਿਕ ਖੇਤੀ ਤਕਨੀਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਹਾ ਹੈ ਅਤੇ ਡਰੋਨ, ਰਿਮੋਟ ਸੈਂਸਿੰਗ, ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਿਤ ਫੈਸਲਾ ਪ੍ਰਣਾਲੀ ਅਤੇ ਡਿਜੀਟਲ ਖੇਤੀ ਵਰਗੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਗਰੀਬ, ਵਾਂਝੇ ਅਤੇ ਲੋੜਵੰਦ ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ:
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਵਿਕਾਸ ਦਾ ਲਾਭ ਸਮਾਜ ਦੇ ਅੰਤਿਮ ਵਿਅਕਤੀ ਤੱਕ ਪਹੁੰਚਾਉਣਾ ਹੈ। ਪੱਛੜੇ ਵਰਗ ਦੀ ਕ੍ਰੀਮੀਲੇਅਰ ਆਮਦਨ ਸੀਮਾ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕੀਤੀ ਗਈ ਹੈ। ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਤਹਿਤ ਧੀਆਂ ਦੇ ਵਿਆਹ ਲਈ 71 ਹਜ਼ਾਰ ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1 ਲੱਖ 56 ਹਜ਼ਾਰ ਮਕਾਨ ਦਿੱਤੇ ਗਏ ਹਨ, ਜਦੋਂ ਕਿ ਮੁੱਖ ਮੰਤਰੀ ਆਵਾਸ ਯੋਜਨਾ ਤਹਿਤ ਸ਼ਹਿਰਾਂ ਅਤੇ ਪਿੰਡਾਂ ਵਿੱਚ ਲਗਭਗ 32 ਹਜ਼ਾਰ ਗਰੀਬ ਪਰਿਵਾਰਾਂ ਨੂੰ ਪਲਾਟ ਦਿੱਤੇ ਗਏ ਹਨ। ਸਮਾਜਿਕ ਸੁਰੱਖਿਆ ਪੈਨਸ਼ਨ ਵਧਾ ਕੇ 3,200 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ‘ਪੀਐੱਮ ਸੂਰਿਆਘਰ ਮੁਫ਼ਤ ਬਿਜਲੀ ਯੋਜਨਾ’ ਤਹਿਤ 1 ਲੱਖ 53 ਹਜ਼ਾਰ ਸੋਲਰ ਸਿਸਟਮ ਲਗਾਏ ਜਾ ਚੁੱਕੇ ਹਨ। ਦਿਆਲੂ ਯੋਜਨਾ ਤਹਿਤ 83,536 ਪਰਿਵਾਰਾਂ ਨੂੰ 3,152 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।

ਮਹਿਲਾ ਸ਼ਕਤੀਕਰਨ ਨੂੰ ਮਿਲੀ ਨਵੀਂ ਰਫ਼ਤਾਰ:
ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਔਰਤਾਂ ਸਮਾਜ ਦੀ ਸਭ ਤੋਂ ਵੱਡੀ ਸ਼ਕਤੀ ਹਨ ਅਤੇ ਉਨ੍ਹਾਂ ਦਾ ਸਮਾਜਿਕ, ਆਰਥਿਕ ਅਤੇ ਵਿੱਦਿਅਕ ਉਤਥਾਨ ਸਰਕਾਰ ਦੀ ਸਰਵਉੱਚ ਤਰਜੀਹ ਹੈ। ‘ਦੀਨਦਿਆਲ ਲਾਡੋ ਲਕਸ਼ਮੀ’ ਯੋਜਨਾ ਤਹਿਤ ਭੈਣਾਂ-ਧੀਆਂ ਨੂੰ ਹਰ ਮਹੀਨੇ 2,100 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਹੁਣ ਤੱਕ ਲਗਭਗ 10 ਲੱਖ ਔਰਤਾਂ ਨੂੰ 2,042 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪਸ ਦੀ ਭਾਈਵਾਲੀ 50 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ, ਜਿਸ ਨੂੰ 60 ਪ੍ਰਤੀਸ਼ਤ ਕਰਨ ਲਈ ਨਵੀਂ ਨੀਤੀ ਲਾਗੂ ਕੀਤੀ ਗਈ ਹੈ। ‘ਹਰ ਘਰ ਹਰ ਗ੍ਰਹਿਣੀ’ ਯੋਜਨਾ ਤਹਿਤ ਲਗਭਗ 15 ਲੱਖ ਪਰਿਵਾਰਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਉਪਲਬਧ ਕਰਵਾਇਆ ਜਾ ਰਿਹਾ ਹੈ। ਪੰਚਾਇਤੀ ਰਾਜ ਸੰਸਥਾਵਾਂ ਵਿੱਚ ਔਰਤਾਂ ਨੂੰ 50 ਪ੍ਰਤੀਸ਼ਤ ਪ੍ਰਤੀਨਿਧਤਾ ਦਿੱਤੀ ਗਈ ਹੈ। ਸੂਬੇ ਵਿੱਚ 500 ਮਹਿਲਾ ਸੱਭਿਆਚਾਰਕ ਕੇਂਦਰ ਖੋਲ੍ਹੇ ਜਾ ਚੁੱਕੇ ਹਨ ਅਤੇ ਪੋਸਟ ਗ੍ਰੈਜੂਏਟ ਪੱਧਰ ਤੱਕ ਕੁੜੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ।

ਸਿੱਖਿਆ, ਖੇਡਾਂ ਅਤੇ ਸਿਹਤ 'ਤੇ ਵਿਸ਼ੇਸ਼ ਜ਼ੋਰ:
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਵਿੱਚ ਹਰ 20 ਕਿਲੋਮੀਟਰ 'ਤੇ ਇੱਕ ਕਾਲਜ ਅਤੇ ਹਰ 10 ਕਿਲੋਮੀਟਰ 'ਤੇ ਇੱਕ ਪੀਐੱਮ ਸ਼੍ਰੀ ਜਾਂ ਸੰਸਕ੍ਰਿਤੀ ਮਾਡਲ ਸਕੂਲ ਸਥਾਪਿਤ ਕੀਤਾ ਗਿਆ ਹੈ। ਹਰਿਆਣਾ ਦੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਗਲਾਸਗੋ ਵਿੱਚ ਸੰਪੰਨ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਰਿਆਣਾ ਦੇ 23 ਖਿਡਾਰੀਆਂ ਨੇ ਦੇਸ਼ ਦੀ ਅਗਵਾਈ ਕੀਤੀ ਅਤੇ ਆਪਣੇ ਦਮ-ਖਮ ਤੇ ਖੇਡ ਹੁਨਰ ਨਾਲ 10 ਮੈਡਲ ਦੇਸ਼ ਦੀ ਝੋਲੀ ਵਿੱਚ ਪਾਏ, ਜਿਨ੍ਹਾਂ ਵਿੱਚੋਂ 7 ਸੋਨੇ ਦੇ ਤਗਮੇ ਸਨ। ਇਸੇ ਤਰ੍ਹਾਂ ਪੈਰਿਸ ਓਲੰਪਿਕ-2024 ਵਿੱਚ ਭਾਰਤ ਦੁਆਰਾ ਜਿੱਤੇ ਗਏ ਛੇ ਮੈਡਲਾਂ ਵਿੱਚੋਂ ਪੰਜ ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ, ਜਦੋਂ ਕਿ ਟੋਕੀਓ ਓਲੰਪਿਕ-2020 ਵਿੱਚ ਭਾਰਤ ਦੇ ਸੱਤ ਮੈਡਲਾਂ ਵਿੱਚੋਂ ਚਾਰ ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਸਨ। ਮੈਡਲ ਜੇਤੂ ਖਿਡਾਰੀਆਂ ਨੂੰ 6 ਕਰੋੜ ਰੁਪਏ ਤੱਕ ਨਕਦ ਇਨਾਮ ਅਤੇ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ।
ਸਿਹਤ ਖੇਤਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਵਿੱਚ 18 ਮੈਡੀਕਲ ਕਾਲਜ ਹਨ, ਜਿਨ੍ਹਾਂ ਵਿੱਚੋਂ 12 ਮੈਡੀਕਲ ਕਾਲਜ ਪਿਛਲੇ 12 ਸਾਲਾਂ ਵਿੱਚ ਬਣੇ ਹਨ ਅਤੇ ਪੰਜ ਹੋਰ ਮੈਡੀਕਲ ਕਾਲਜ ਨਿਰਮਾਣ ਅਧੀਨ ਹਨ। ਪ੍ਰਦੇਸ਼ ਦੇ 16 ਜ਼ਿਲ੍ਹਾ ਨਾਗਰਿਕ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਚੁੱਕਾ ਹੈ। ਸਾਰੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਗੁਰਦੇ ਦੇ ਮਰੀਜ਼ਾਂ ਲਈ ਮੁਫ਼ਤ ਡਾਇਲਿਸਿਸ ਦੀ ਸਹੂਲਤ ਯਕੀਨੀ ਬਣਾਈ ਗਈ ਹੈ। ਆਯੁਸ਼ਮਾਨ ਭਾਰਤ-ਚਿਰਾਯੂ ਯੋਜਨਾ ਤਹਿਤ ਲਗਭਗ 30 ਲੱਖ ਲੋਕਾਂ ਦਾ 4,226 ਕਰੋੜ ਰੁਪਏ ਦੀ ਰਾਸ਼ੀ ਨਾਲ ਮੁਫ਼ਤ ਇਲਾਜ ਕਰਵਾਇਆ ਗਿਆ ਹੈ।

ਉਦਯੋਗ ਅਤੇ ਨਿਵੇਸ਼ ਲਈ ਹਰਿਆਣਾ ਬਣਿਆ ਪਸੰਦੀਦਾ ਸਥਾਨ:
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ‘ਮੇਕ ਇਨ ਹਰਿਆਣਾ ਉਦਯੋਗਿਕ ਨੀਤੀ-2026’ ਅਤੇ ਨੌਂ ਹੋਰ ਖੇਤਰੀ ਨੀਤੀਆਂ ਦੇ ਮਾਧਿਅਮ ਨਾਲ ਅਗਲੇ ਪੰਜ ਸਾਲਾਂ ਵਿੱਚ 5 ਲੱਖ ਕਰੋੜ ਰੁਪਏ ਦਾ ਨਵਾਂ ਨਿਵੇਸ਼ ਆਕਰਸ਼ਿਤ ਕਰਨ ਅਤੇ 10 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਨੀਤੀ ਦੇ ਪ੍ਰੀ-ਲਾਂਚ ਪ੍ਰੋਗਰਾਮ ਵਿੱਚ ਹੀ 110 ਕੰਪਨੀਆਂ ਨਾਲ 1 ਲੱਖ 10 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵਾਂ ਦੇ ਐੱਮ.ਓ.ਯੂ. ਹੋਏ ਹਨ।
ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿੱਚ ਗੁਰੂਗ੍ਰਾਮ ਗਲੋਬਲ ਸਿਟੀ, ਨਾਰਨੌਲ ਲੌਜਿਸਟਿਕਸ ਹਬ, ਹਿਸਾਰ ਮੈਨੂਫੈਕਚਰਿੰਗ ਕਲੱਸਟਰ ਅਤੇ ਸੋਹਨਾ ਇਲੈਕਟ੍ਰੌਨਿਕਸ ਪਾਰਕ ਵਰਗੇ ਪ੍ਰੋਜੈਕਟਾਂ 'ਤੇ ਕੰਮ ਚੱਲ ਰਹਾ ਹੈ। ਪਿਛਲੇ ਲਗਭਗ 12 ਸਾਲਾਂ ਵਿੱਚ ਪ੍ਰਦੇਸ਼ ਵਿੱਚ 15 ਲੱਖ 54 ਹਜ਼ਾਰ ਸੂਖਮ, ਲਘੂ ਅਤੇ ਮੱਧਮ ਉਦਯੋਗ ਸਥਾਪਿਤ ਹੋਏ ਹਨ, ਜਿਨ੍ਹਾਂ ਵਿੱਚ 97 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ।

ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਦਾ ਵਿਸਥਾਰ:
ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਚਾਲੂ ਵਿੱਤੀ ਸਾਲ ਵਿੱਚ 8,704 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। 6 ਹਜ਼ਾਰ ਤੋਂ ਵੱਧ ਪਿੰਡਾਂ ਵਿੱਚ 24 ਘੰਟੇ ਬਿਜਲੀ ਉਪਲਬਧ ਕਰਵਾਈ ਜਾ ਰਹੀ ਹੈ ਅਤੇ 30 ਲੱਖ ਤੋਂ ਵੱਧ ਗ੍ਰਾਮੀਣ ਘਰਾਂ ਵਿੱਚ ਨਲਕੇ ਰਾਹੀਂ ਸਾਫ਼ ਪਾਣੀ ਪਹੁੰਚਾਇਆ ਗਿਆ ਹੈ। ਪਿੰਡਾਂ ਵਿੱਚ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਦੇ ਹਜ਼ਾਰਾਂ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਲਗਭਗ 2,800 ਅੰਮ੍ਰਿਤ ਸਰੋਵਰ ਬਣਾਏ ਗਏ ਹਨ। ਰੂਰਲ ਖੇਤਰਾਂ ਵਿੱਚ 996 ਅਟਲ ਲਾਇਬ੍ਰੇਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ ਅਤੇ ਚਾਲੂ ਵਿੱਤੀ ਸਾਲ ਵਿੱਚ 1,000 ਨਵੀਆਂ ਅਟਲ ਲਾਇਬ੍ਰੇਰੀਆਂ ਖੋਲ੍ਹੀਆਂ ਜਾਣਗੀਆਂ।

ਸੜਕ, ਰੇਲ ਅਤੇ ਹਵਾਈ ਸੰਪਰਕ ਨੂੰ ਮਿਲੀ ਮਜ਼ਬੂਤੀ:
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਲਗਭਗ 12 ਸਾਲਾਂ ਵਿੱਚ ਹਰਿਆਣਾ ਵਿੱਚ 28,651 ਕਰੋੜ ਰੁਪਏ ਦੀ ਲਾਗਤ ਨਾਲ 43,703 ਕਿਲੋਮੀਟਰ ਲੰਬੀਆਂ ਸੜਕਾਂ ਦਾ ਸੁਧਾਰ ਕੀਤਾ ਗਿਆ ਹੈ ਅਤੇ 2,417 ਕਿਲੋਮੀਟਰ ਲੰਬੀਆਂ ਨਵੀਆਂ ਸੜਕਾਂ ਦਾ ਨਿਰਮਾਣ ਹੋਇਆ ਹੈ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 1,886 ਕਰੋੜ ਰੁਪਏ ਦੀ ਲਾਗਤ ਨਾਲ 3,477 ਕਿਲੋਮੀਟਰ ਲੰਬੀਆਂ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਲਗਭਗ 12 ਸਾਲਾਂ ਵਿੱਚ ਪ੍ਰਦੇਸ਼ ਲਈ 22 ਨਵੇਂ ਰਾਸ਼ਟਰੀ ਰਾਜਮਾਰਗ ਘੋਸ਼ਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 14 ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਪ੍ਰਦੇਸ਼ ਦੇ ਹਰ ਜ਼ਿਲ੍ਹੇ ਨੂੰ ਰਾਸ਼ਟਰੀ ਰਾਜਮਾਰਗ ਨਾਲ ਜੋੜਿਆ ਜਾ ਚੁੱਕਾ ਹੈ। ਮਹਾਰਾਜਾ ਅਗਰਸੇਨ ਹਵਾਈ ਅੱਡੇ ਤੋਂ ਹਵਾਈ ਸੇਵਾਵਾਂ ਸ਼ੁਰੂ ਹੋਣ ਨਾਲ ਹਿਸਾਰ ਅਤੇ ਆਸ-ਪਾਸ ਦਾ ਖੇਤਰ ਸਿੱਧਾ ਦੇਸ਼ ਦੇ ਹਵਾਈ ਨਕਸ਼ੇ 'ਤੇ ਆਇਆ ਹੈ। ਹਿਸਾਰ ਤੋਂ ਅਯੁੱਧਿਆ, ਦਿੱਲੀ, ਜੰਮੂ-ਕਸ਼ਮੀਰ ਅਤੇ ਜੈਪੁਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ।
ਇਸ ਮੌਕੇ ਹਾਂਸੀ ਦੇ ਵਿਧਾਇਕ ਸ਼੍ਰੀ ਵਿਨੋਦ ਭਿਆਣਾ, ਸਾਬਕਾ ਸੰਸਦ ਮੈਂਬਰ ਲੈਫਟੀਨੈਂਟ ਜਨਰਲ (ਰਿਟਾਇਰਡ) ਡਾ. ਡੀ.ਪੀ. ਵਤਸ, ਹਰਿਆਣਾ ਵਪਾਰੀ ਕਲਿਆਣ ਬੋਰਡ ਦੇ ਚੇਅਰਮੈਨ ਸ਼੍ਰੀ ਰਾਜੇਸ਼ ਠਕਰਾਲ, ਡੀ.ਜੀ. ਲਾਅ ਐਂਡ ਆਰਡਰ ਸ਼੍ਰੀ ਸੰਜੇ ਕੁਮਾਰ, ਡੀ.ਜੀ. ਸੀ.ਆਈ.ਡੀ. ਸ਼੍ਰੀ ਸੌਰਭ ਸਿੰਘ, ਹਿਸਾਰ ਮੰਡਲ ਕਮਿਸ਼ਨਰ ਸ਼੍ਰੀਮਤੀ ਗੀਤਾ ਭਾਰਤੀ, ਆਈ.ਜੀ. ਸ਼੍ਰੀ ਕੁਲਦੀਪ ਸਿੰਘ, ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਨਰਵਾਲ ਅਤੇ ਪੁਲਿਸ ਸੁਪਰਡੈਂਟ ਸ਼੍ਰੀ ਵਿਨੋਦ ਕੁਮਾਰ ਸਮੇਤ ਅਨੇਕ ਸ਼ਖ਼ਸੀਅਤਾਂ ਹਾਜ਼ਰ ਸਨ।