ਦੇਸ਼ ਭਗਤ ਯੂਨੀਵਰਸਿਟੀ ਨੇ ਬੀ.ਏ. ਦੇ ਵਿਦਿਆਰਥੀਆਂ ਲਈ ਰਚਾਇਆ ਵਿਦਾਇਗੀ ਸਮਾਰੋਹ

ਮੰਡੀ ਗੋਬਿੰਦਗੜ੍ਹ, 8 ਜੂਨ - ਦੇਸ਼ ਭਗਤ ਯੂਨੀਵਰਸਿਟੀ ਵਿੱਚ ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਦੀ ਫੈਕਲਟੀ ਨੇ ਬੀ.ਏ. ਸਮੈਸਟਰ 6ਵੇਂ ਦੇ ਵਿਦਿਆਰਥੀਆਂ ਲਈ  ਯਾਦਗਾਰੀ ਸਮਾਗਮ ਕਰਵਾਇਆ। ਸਮਾਗਮ ਦੇ ਮੁੱਖ ਮਹਿਮਾਨ ਚਾਂਸਲਰ ਡਾ: ਜ਼ੋਰਾ ਸਿੰਘ ਸਨ ਜਦਕਿ ਪ੍ਰੋ-ਚਾਂਸਲਰ ਡਾ: ਤਜਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਦੇ ਫੈਕਲਟੀ ਦੇ ਡਾਇਰੈਕਟਰ ਡਾ. ਦਵਿੰਦਰ ਕੁਮਾਰ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਹੋਰ ਪਤਵੰਤਿਆਂ  ਦੇ ਸੁਆਗਤ ਨਾਲ ਕੀਤੀ ਹੋਈ। ਮੁੱਖ ਮਹਿਮਾਨ ਡਾ. ਜ਼ੋਰਾ ਸਿੰਘ ਨੇ ਆਪਣੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੰਦੇ ਹੋਏ ਗ੍ਰੈਜੂਏਟ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਲਚਕੀਲੇਪਣ ਨਾਲ ਸਾਹਮਣਾ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਚੁਣੇ ਹੋਏ ਮਾਰਗਾਂ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਹੁਨਰ ਅਤੇ ਗਿਆਨ ਨਾਲ ਲੈਸ ਕੀਤਾ ਹੈ। ਡੀ ਬੀ ਯੂ ਦੀ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਵਿਦਿਆਰਥੀਆਂ ਨਾਲ ਆਪਣਾ ਸੰਦੇਸ਼ ਸਾਂਝਾ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਮਹਿਸੂਸ ਕੀਤਾ ਅਤੇ ਉਨ੍ਹਾਂ ਦੇ ਅਗਲੇ ਸਫ਼ਰ ਲਈ ਸ਼ੁਭ ਇਛਾਵਾਂ ਦਿੱਤੀਆਂ ਤੇ ਹੌਸਲਾ ਅਫਜ਼ਾਈ ਕੀਤੀ। ਸਮਾਗਮ ਵਿੱਚ ਸਮਾਜ ਸ਼ਾਸਤਰ ਦੇ ਪ੍ਰੋਫ਼ੈਸਰ ਡਾ. ਧਰਮਿੰਦਰ ਸਿੰਘ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਉਨ੍ਹਾਂ  ਵਿਦਾਇਗੀ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਫੈਕਲਟੀ ਮੈਂਬਰਾਂ, ਸਟਾਫ਼ ਅਤੇ ਵਾਲੰਟੀਅਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ  ਇਸ ਸਮਾਗਮ ਨੂੰ ਬਿਹਤਰੀਨ ਢੰਗ ਨਾਲ ਆਯੋਜਿਤ ਕਰਨ ਲਈ ਪਰਦੇ ਪਿੱਛੇ ਅਣਥੱਕ ਮਿਹਨਤ ਕੀਤੀ।