ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੀ ਹਾਲਤ ਵਿੱਚ ਸੁਧਾਰ ਕਰਨ ਦੀ ਮੰਗ
ਐਸ ਏ ਐਸ ਨਗਰ, 27 ਨਵੰਬਰ:- ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਜੈਤਾ ਜੀ ਦੇ ਸਾਬਕਾ ਪ੍ਰਧਾਨ ਈਨਰ ਸਿੰਘ ਵਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ। ਉਹਨਾਂ ਲਿਖਿਆ ਹੈ ਕਿ ਇਸ ਗੁਰੂ-ਘਰ ਵਿੱਚ ਕਾਫੀ ਸੁਧਾਰਾਂ ਦੀ ਲੋੜ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਸੰਗਤ ਦੀ ਵਰਤੋਂ ਲਈ ਫਲੋਰਾਂ ਦੀ ਹਾਲਤ ਬਹੁਤ ਮਾੜੀ ਹੈ। ਬਿਨਾਂ ਪਲਾਸਟਰ ਤੋਂ ਇੱਟਾਂ ਦੇ ਦਰਸ਼ਨ ਹੋ ਰਹੇ ਹਨ। ਸੈਨੇਟਰੀ ਜਾਲ ਮਿਆਰੀ ਫਰੋਰ ਤੋਂ ਦੂਰ ਦੀ ਗੱਲ ਹੈ। ਰੋਜ਼ਾਨਾ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਲਈ ਲੰਗਰ ਵਾਲੇ ਹਿੱਸੇ ਵਿੱਚ ਵੀ ਧਿਆਨ ਦੇਣ ਦੀ ਲੋੜ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਕੁਝ ਦਿਨਾਂ ਪਿੱਛੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਜੋੜ-ਮੇਲਾ ਹੋਣਾ ਹੈ ਅਤੇ “ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ” ਵਿਖੇ ਵੀ ਸੰਗਤ ਸਭਾ ਭਰੇਗੀ।
ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਵੇਗੀ ਇਸ ਲਈ ਇੱਥੇ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਪੱਤਰ ਦਾ ਇੱਕ ਉਤਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਭੇਜਿਆ ਗਿਆ ਹੈ।
