ਫੇਜ਼11 ਸੁਵਿਧਾ ਸੈਂਟਰ ਮੁੜ ਖੋਲ੍ਹਣ ਦੀ ਮੰਗ ਵਫ਼ਦ ਨੇ ਵਿਧਾਇਕ ਕੁਲਵੰਤ ਸਿੰਘ ਨੂੰ ਸੌਂਪਿਆ ਮੰਗ ਪੱਤਰ
ਮੋਹਾਲੀ, 1 ਅਗਸਤ:- ਫੇਜ਼-11 ਸਥਿਤ ਸਿਵਲ ਡਿਸਪੈਂਸਰੀ ਦੇ ਨੇੜੇ ਕੁਝ ਸਾਲ ਪਹਿਲਾਂ ਲੋਕਾਂ ਦੀ ਸਹੂਲਤ ਲਈ ਸਥਾਪਿਤ ਕੀਤਾ ਗਿਆ ਸੁਵਿਧਾ ਸੈਂਟਰ ਬੰਦ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕੌਂਸਲਰ ਸਰਦਾਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਨਾਲ ਮੁਲਾਕਾਤ ਕਰਕੇ ਫੇਜ਼-11 ਸੁਵਿਧਾ ਸੈਂਟਰ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ।
ਵਫ਼ਦ ਨੇ ਵਿਧਾਇਕ ਨੂੰ ਦੱਸਿਆ ਕਿ ਇਹ ਸੁਵਿਧਾ ਸੈਂਟਰ ਫੇਜ਼-10, ਫੇਜ਼-11, ਸੈਕਟਰ-66, ਸੈਕਟਰ-48ਸੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਵਸਨੀਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਸੀ। ਸਥਾਨਕ ਲੋਕ ਆਪਣੇ ਘਰਾਂ ਦੇ ਨੇੜੇ ਹੀ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਆਸਾਨੀ ਨਾਲ ਪ੍ਰਾਪਤ ਕਰ ਲੈਂਦੇ ਸਨ, ਪਰ ਕੇਂਦਰ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਸਰਕਾਰੀ ਕੰਮਾਂ ਲਈ ਦੂਰ-ਦੁਰਾਡੇ ਸਥਿਤ ਸੁਵਿਧਾ ਕੇਂਦਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ।
ਵਫ਼ਦ ਨੇ ਦੱਸਿਆ ਕਿ ਫੇਜ਼-11 ਸੁਵਿਧਾ ਸੈਂਟਰ ਰਾਹੀਂ ਕਰੀਬ 28 ਸਰਕਾਰੀ ਵਿਭਾਗਾਂ ਨਾਲ ਸਬੰਧਤ 300 ਤੋਂ ਵੱਧ ਲੋਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ। ਇਨ੍ਹਾਂ ਵਿੱਚ ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਪੈਨਸ਼ਨ ਨਾਲ ਸਬੰਧਤ ਦਸਤਾਵੇਜ਼, ਪਾਸਪੋਰਟ ਸੇਵਾਵਾਂ, ਆਧਾਰ ਕਾਰਡ ਸੇਵਾਵਾਂ, ਹਲਫ਼ਨਾਮੇ ਅਤੇ ਹੋਰ ਕਈ ਜ਼ਰੂਰੀ ਨਾਗਰਿਕ ਸੇਵਾਵਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਵੇਲੇ ਪੂਰੇ ਸ਼ਹਿਰ ਵਿੱਚ ਸਿਰਫ਼ ਤਿੰਨ ਸੁਵਿਧਾ ਸੈਂਟਰ ਹੀ ਕਾਰਜਸ਼ੀਲ ਹਨ, ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਧਾਇਕ ਸਰਦਾਰ ਕੁਲਵੰਤ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਫੇਜ਼-11 ਸੁਵਿਧਾ ਸੈਂਟਰ ਨੂੰ ਜਲਦ ਤੋਂ ਜਲਦ ਮੁੜ ਚਾਲੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।
ਇਸ ਮੌਕੇ ਕੌਂਸਲਰ ਸਰਦਾਰ ਅਮਰਜੀਤ ਸਿੰਘ ਤੋਂ ਇਲਾਵਾ ਸਰਦਾਰ ਚਰਨਜੀਤ ਸਿੰਘ, ਸਰਦਾਰ ਆਰ.ਪੀ.ਐਸ. ਸੈਣੀ, ਸ੍ਰੀ ਸੁਰੇਸ਼ ਭਨੋਟ, ਸਰਦਾਰ ਹਾਕਮ ਸਿੰਘ, ਸਰਦਾਰ ਉਮਰਾਓ ਸਿੰਘ, ਸਰਦਾਰ ਸੁਰਿੰਦਰ ਸਿੰਘ, ਸਰਦਾਰ ਕਰਮ ਸਿੰਘ, ਸ੍ਰੀ ਦਿਨੇਸ਼ ਕੁਮਾਰ, ਸਰਦਾਰ ਹਰਦੇਵ ਸਿੰਘ, ਸਰਦਾਰ ਗੁਲਜ਼ਾਰ ਸਿੰਘ, ਸਰਦਾਰ ਅਰਵਿੰਦਰ ਪਾਲ ਸਿੰਘ ਅਤੇ ਸਰਦਾਰ ਨਰਿੰਦਰ ਪਾਲ ਸਿੰਘ ਵੀ ਹਾਜ਼ਰ ਸਨ।
