ਬੱਚਿਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਮੁਕਾਬਲੇ ਕਰਵਾਏ ਜਾਣਗੇ

ਪਟਿਆਲਾ:- ਰੈੱਡ ਕਰਾਸ ਭਾਈ ਘਨ੍ਹਈਆ ਜੀ ਐਂਬੂਲੈਂਸ ਬ੍ਰਿਗੇਡ ਦੇ ਸਹਾਇਕ ਕਮਿਸ਼ਨਰ ਅਤੇ ਰਾਸ਼ਟਰਪਤੀ ਐਵਾਰਡੀ ਸ਼੍ਰੀ ਹਰਿੰਦਰ ਸਿੰਘ ਕਰੀਰ ਅਤੇ ਫਸਟ ਏਡ, ਸੇਫਟੀ, ਸਿਹਤ ਜਾਗਰੂਕਤਾ ਮਿਸ਼ਨ ਦੇ ਮੁੱਖ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਕਾਰਗਿਲ ਵਿਜੇ ਦਿਵਸ ਅਤੇ ਭਾਰਤ ਰਤਨ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਬਰਸੀ ਮੌਕੇ 26 ਜੁਲਾਈ ਨੂੰ ਸਵੇਰੇ 10 ਵਜੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦੇ ਸਹਿਯੋਗ ਨਾਲ ਅੰਤਰ-ਸਕੂਲ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ, ਗੈਸ ਸਿਲੰਡਰਾਂ ਦੀ ਸੁਰੱਖਿਅਤ ਵਰਤੋਂ ਅਤੇ ਪੀੜਤਾਂ ਦੇ ਰੈਸਕਿਊ ਤੇ ਟਰਾਂਸਪੋਰਟ ਨਾਲ ਸਬੰਧਤ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਬੱਚਿਆਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਵਜੋਂ ਤਿਆਰ ਕਰਨਾ ਹੈ।
ਇਸ ਦੌਰਾਨ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਵੱਲੋਂ ਐਮਰਜੈਂਸੀ ਸਥਿਤੀਆਂ 'ਤੇ ਆਧਾਰਿਤ ਪ੍ਰਦਰਸ਼ਨ ਕੀਤੇ ਜਾਣਗੇ। ਇਨ੍ਹਾਂ ਵਿੱਚ ਸਕੂਲ ਵਿੱਚ ਇੱਕ ਵਿਦਿਆਰਥੀ ਦੇ ਜ਼ਖ਼ਮੀ ਹੋ ਕੇ ਮੱਥੇ ਤੋਂ ਖੂਨ ਵਗਣਾ ਅਤੇ ਬਾਂਹ ਦੀ ਹੱਡੀ ਟੁੱਟ ਜਾਣਾ, ਖੇਡ ਮੈਦਾਨ ਵਿੱਚ ਦੌੜਦੇ ਸਮੇਂ ਵਿਦਿਆਰਥੀ ਨੂੰ ਦਿਲ ਦਾ ਦੌਰਾ ਪੈਣਾ, ਤੇਜ਼ ਧੁੱਪ ਅਤੇ ਲੂ ਕਾਰਨ ਘਰ ਵਿੱਚ ਮਾਂ ਨੂੰ 105 ਡਿਗਰੀ ਤੱਕ ਬੁਖਾਰ ਹੋ ਜਾਣਾ, ਸਕੂਲ ਦੀ ਕੈਂਟੀਨ ਵਿੱਚ ਗੈਸ ਪਾਈਪ ਨੂੰ ਅੱਗ ਲੱਗ ਜਾਣ ਕਾਰਨ ਇੱਕ ਕਰਮਚਾਰੀ ਦਾ ਧੂੰਏਂ ਨਾਲ ਬੇਹੋਸ਼ ਹੋ ਜਾਣਾ ਅਤੇ ਪੜੋਸੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਧੜਕਣ ਅਤੇ ਸਾਹ ਰੁਕ ਜਾਣ ਵਰਗੀਆਂ ਘਟਨਾਵਾਂ ਸ਼ਾਮਲ ਹਨ। ਵਿਦਿਆਰਥੀ ਇਨ੍ਹਾਂ ਹਾਲਾਤਾਂ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਨੂੰ ਘੱਟ ਕਰਨ ਲਈ ਕੀਤੇ ਜਾਣ ਵਾਲੇ ਬਚਾਅ ਕਾਰਜਾਂ ਦਾ ਪ੍ਰਦਰਸ਼ਨ ਕਰਨਗੇ।
ਇਸ ਸਬੰਧੀ ਗ੍ਰੀਨ ਵੈਲ ਹਾਈ ਸਕੂਲ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਦੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੰਦਿਆਂ ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਵਧ ਰਹੀਆਂ ਕੁਦਰਤੀ ਆਫ਼ਤਾਂ, ਜੰਗਾਂ, ਅੱਗ ਲੱਗਣ ਦੀਆਂ ਘਟਨਾਵਾਂ, ਦਿਲ ਦੇ ਦੌਰੇ, ਕਾਰਡੀਅਕ ਅਰੇਸਟ, ਬੇਹੋਸ਼ੀ, ਖੂਨ ਵਹਿਣ ਅਤੇ ਸਦਮੇ ਵਰਗੀਆਂ ਐਮਰਜੈਂਸੀ ਸਥਿਤੀਆਂ ਦੌਰਾਨ ਪੀੜਤਾਂ ਦੀ ਜਾਨ ਬਚਾਉਣ ਲਈ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦਾ ਮਕਸਦ ਬੱਚਿਆਂ ਨੂੰ ਇਸ ਯੋਗ ਬਣਾਉਣਾ ਹੈ ਕਿ ਉਹ ਐਮਰਜੈਂਸੀ ਸਮੇਂ ਆਪਣੇ ਘਰ, ਪਰਿਵਾਰ, ਸਕੂਲ ਅਤੇ ਹੋਰ ਸੰਸਥਾਵਾਂ ਵਿੱਚ ਸਮੇਂ ਸਿਰ ਸਹੀ ਕਦਮ ਚੁੱਕ ਕੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਘੱਟ ਤੋਂ ਘੱਟ ਕਰ ਸਕਣ।
ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 24 ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।