ਕਾਲਜ ਆਫ਼ ਵੈਟਨਰੀ ਸਾਇੰਸ ਨੇ ਕੀਤਾ ਅਲੂਮਨੀ ਮੀਟ ਦਾ ਆਯੋਜਨ

ਲੁਧਿਆਣਾ 02 ਮਾਰਚ 2026:- ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਵੈਟਨਰੀ ਸਾਇੰਸ  ਨੇ ਅਲੂਮਨੀ ਮੀਟ "ਸਾਂਝ-2026" ਦਾ ਆਯੋਜਨ ਕੀਤਾ, ਜਿਸ ਨੂੰ ਦੁਨੀਆ ਭਰ ਦੇ ਸਾਬਕਾ ਗ੍ਰੈਜੂਏਟਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਭਾਰਤ ਅਤੇ ਵਿਦੇਸ਼ਾਂ ਤੋਂ ਵੱਖ-ਵੱਖ ਅਹੁਦਿਆਂ `ਤੇ ਸੇਵਾ ਨਿਭਾ ਰਹੇ ਲਗਭਗ 300 ਸਾਬਕਾ ਵਿਦਿਆਰਥੀ ਆਪਣੀ ਸਾਂਝੀ ਵਿਰਾਸਤ ਅਤੇ ਪੇਸ਼ੇਵਰ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਕੈਂਪਸ ਵਿੱਚ ਇਕੱਠੇ ਹੋਏ।
ਕਾਲਜ ਦੇ ਡੀਨ ਅਤੇ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਵਰਨ ਸਿੰਘ ਰੰਧਾਵਾ ਨੇ ਡੈਲੀਗੇਟਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵੈਟਨਰੀ ਸਿੱਖਿਆ, ਖੋਜ ਅਤੇ ਪਸਾਰ ਵਿੱਚ ਸੰਸਥਾ ਦੀ ਅਮੀਰ ਵਿਰਾਸਤ ਨੂੰ ਉਜਾਗਰ ਕੀਤਾ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਯੂਨੀਵਰਸਿਟੀ ਦੀ ਆਲਮੀ ਸਾਖ ਨੂੰ ਮਜ਼ਬੂਤ ਕਰਨ ਅਤੇ ਭਵਿੱਖੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਸਾਬਕਾ ਵਿਦਿਆਰਥੀਆਂ ਦੀ ਮਹੱਤਵਪੂਰਨ ਭੂਮਿਕਾ `ਤੇ ਜ਼ੋਰ ਦਿੱਤਾ।
ਇਸ ਸਮਾਗਮ ਨੂੰ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸੰਬੋਧਨ ਕੀਤਾ, ਜਿਨ੍ਹਾਂ ਨੇ ਪਸ਼ੂ ਸਿਹਤ, ਪਸ਼ੂਧਨ ਵਿਕਾਸ ਅਤੇ ਜਨਤਕ ਸਿਹਤ ਸੇਵਾਵਾਂ ਨੂੰ ਅੱਗੇ ਵਧਾਉਣ ਵਿੱਚ ਸਾਬਕਾ ਵਿਦਿਆਰਥੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵੈਟਨਰੀ ਸਾਇੰਸ ਵਿੱਚ ਉੱਭਰ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਯੂਨੀਵਰਸਿਟੀ ਅਤੇ ਇਸਦੇ ਗ੍ਰੈਜੂਏਟਾਂ ਵਿਚਕਾਰ ਨਿਰੰਤਰ ਸਾਂਝ ਦ ਸ਼ਲਾਘਾ ਕੀਤੀ। 
ਇਸ ਮੌਕੇ ਡਾ. ਬਲਜੀਤ ਸਿੰਘ ਗਿੱਲ, ਵਾਈਸ ਪ੍ਰੈਜ਼ੀਡੈਂਟ, ਰਿਸਰਚ, ਸਸਕੈਚਵਨ ਯੂਨੀਵਰਸਿਟੀ, ਕੈਨੇਡਾ; ਡਾ. ਏ.ਜੇ. ਸਿੰਘ, ਮਹਾਂਨਿਰਦੇਸ਼ਕ, ਰੀਮਾਉਂਟ ਵੈਟਨਰੀ ਸਰਵਿਸਿਜ਼ ਅਤੇ ਡਾ. ਪਰਮਦੀਪ ਸਿੰਘ ਵਾਲੀਆ, ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ। 
ਡਾ. ਕੇਵਲ ਅਰੋੜਾ, ਸੇਵਾਮੁਕਤ ਸਹਾਇਕ ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ ਨੇ ਡਾ. ਪਰਮਜੀਤ ਕੌਰ ਅਤੇ ਡਾ. ਸਿਮਰਨਪ੍ਰੀਤ ਕੌਰ ਦੇ ਨਾਲ ਮਿਲ ਕੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ। ਇਸ ਕਾਲਜ ਦੇ ਗ੍ਰੈਜੂਏਟ, ਸਾਬਕਾ ਵਿਦਿਆਰਥੀ ਅਤੇ ਪ੍ਰਸਿੱਧ ਗਾਇਕ ਡਾ. ਵੀਰ ਸੁਖਵੰਤ ਨੇ ਆਪਣੇ ਮਨਮੋਹਕ ਗਾਇਨ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ।
ਸਦੀਵੀ ਵਿਛੋੜਾ ਦੇ ਗਏ ਸਾਥੀ ਡਾਕਟਰਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਅਨਮੋਲ ਸੇਵਾ ਅਤੇ ਸਮਰਪਣ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ ਗਈ।
ਇਹ ਸਭਾ ਲੋਕ ਗੀਤ, ਨਾਚ, ਸਕਿੱਟਾਂ ਅਤੇ ਉਤਸ਼ਾਹ ਭਰਪੂਰ ਭੰਗੜਾ ਪੇਸ਼ਕਾਰੀ ਵਾਲੇ ਸੱਭਿਆਚਾਰਕ ਪ੍ਰਦਰਸ਼ਨਾਂ ਨਾਲ ਇੱਕ ਯਾਦਗਾਰੀ ਇਕੱਠ ਵਜੋਂ ਸੰਪੂਰਨ ਹੋਇਆ, ਜਿਸ ਵਿੱਚ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਇਆ ਗਿਆ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਪੀੜ੍ਹੀਆਂ ਵਿਚਕਾਰ ਸਬੰਧਾਂ ਨੂੰ ਮੁੜ ਸੁਰਜੀਤ ਕੀਤਾ ਗਿਆ।