ਸੀਐਮਐਚ, ਪੀਈਸੀ ਨੇ ਇੰਡਸਟਰੀ-ਅਕਾਦਮਿਕਾ ਹਫ਼ਤੇ ਦੌਰਾਨ ਦੋ ਵਿਸ਼ੇਸ਼ਗਿਆਨ ਲੈਕਚਰ ਕੀਤੇ ਆਯੋਜਿਤ
ਚੰਡੀਗੜ੍ਹ : 5 ਮਾਰਚ, 2025: (1.) ਡਿਜ਼ਾਈਨ ਥਿੰਕਿੰਗ: ਏ ਸਟ੍ਰੈਟੇਜੀਕ ਟੂਲ ਫਾਰ ਕਾਰਪੋਰੇਟ ਸਕਸੈੱਸ ਐਂਡ ਟ੍ਰਾੰਸਫੋਰਮੇਟਿਵ ਲੀਡਰਸ਼ਿਪ
ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਸੈਂਟਰ ਆਫ਼ ਮੈਨੇਜਮੇਂਟ ਐਂਡ ਹੈਉਮੈਨਿਟੀਜ਼ (ਸੀਐਮਐਚ) ਵਲੋਂ 4 ਮਾਰਚ 2025 ਨੂੰ "ਡਿਜ਼ਾਈਨ ਥਿੰਕਿੰਗ: ਏ ਸਟ੍ਰੈਟੇਜੀਕ ਟੂਲ ਫਾਰ ਕਾਰਪੋਰੇਟ ਸਕਸੈੱਸ ਐਂਡ ਟ੍ਰਾੰਸਫੋਰਮੇਟਿਵ ਲੀਡਰਸ਼ਿਪ" ਵਿਸ਼ੇ ‘ਤੇ ਇੱਕ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ। ਇਹ ਸੈਸ਼ਨ ਇੰਡਸਟਰੀ-ਅਕੈਡਮਿਕਾ ਐਕਸਪਰਟ ਲੈਕਚਰ ਵੀਕ ਦਾ ਹਿੱਸਾ ਸੀ, ਜਿਸ ਵਿੱਚ ਅਮੇਜ਼ਾਨ ਦੇ ਸੀਨੀਅਰ ਟ੍ਰੇਨਿੰਗ ਸਪੈਸ਼ਲਿਸਟ, ਸ਼੍ਰੀ ਲਲਿਤ ਆਦਿਤਿਆ ਕੌਸ਼ਲ ਮੁੱਖ ਵਕਤਾ ਵਜੋਂ ਸ਼ਾਮਲ ਹੋਏ। ਉਹਨਾਂ ਕੋਲ ਉਦਯੋਗ ਅਤੇ ਅਕਾਦਮਿਕ ਖੇਤਰ ਵਿੱਚ ਲਰਨਿੰਗ ਅਤੇ ਡਿਵੈਲਪਮੈਂਟ ਦਾ ਤਜ਼ਰਬਾ ਹੈ। ਇਸ ਸੈਸ਼ਨ ਵਿੱਚ ਬੀ.ਟੈਕ. ਦੇ ਵਿਦਿਆਰਥੀਆਂ, ਰਿਸਰਚ ਸਕੋਲਰਸ ਅਤੇ ਫੈਕਲਟੀ ਮੈਂਬਰਾਂ ਸ਼ਾਮਿਲ ਹੋਏ।
ਸੈਸ਼ਨ ਦੀ ਸ਼ੁਰੂਆਤ ਹੈਡ ਸੀਐਮਐਚ, ਡਾ. ਅੰਜੂ ਸਿੰਗਲਾ ਵਲੋਂ ਸ਼੍ਰੀ ਕੌਸ਼ਲ ਦਾ ਸਵਾਗਤ ਕਰਦੇ ਹੋਏ ਹੋਈ। ਸ਼੍ਰੀ ਕੌਸ਼ਲ ਨੇ ਬਹੁਤ ਹੀ ਆਸਾਨ ਅੰਦਾਜ਼ ‘ਚ ਸਮਝਾਇਆ, ਕਿ ਕਾਰਪੋਰੇਟ ਜਗਤ ‘ਚ ਕੇਵਲ ਤਕਨੀਕੀ ਗਿਆਨ ਹੀ ਨਹੀਂ, ਬਲਕਿ ਸੋਫਟ ਸਕਿਲਸ ਵੀ ਬਹੁਤ ਜ਼ਰੂਰੀ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ, ਕਿ ਇੰਜੀਨੀਅਰਾਂ ਵਾਸਤੇ ਚੰਗੀ ਤਰੀਕੇ ਨਾਲ ਗੱਲ ਕਰਨਾ, ਆਪਣੇ ਆਈਡੀਆ ਨੂੰ ਸਮਝਾਉਣ ਦੀ ਕਲਾ ਅਤੇ ਆਤਮ-ਵਿਸ਼ਵਾਸ ਨਾਲ ਆਪਣੀ ਗੱਲ ਰੱਖਣ ਦੀ ਸਮਰਥਾ ਬਹੁਤ ਮਹੱਤਵਪੂਰਨ ਹੈ। ਉਹਨਾਂ ਨੇ ਖ਼ਾਸ ਤੌਰ ‘ਤੇ ਇਹ ਗੱਲ ਉਭਾਰ ਕੇ ਦੱਸੀ ਕਿ ਸਿਰਜਣਾਤਮਕ ਸੋਚ ਕਿਸੇ ਵੀ ਪੇਸ਼ੇਵਰ ਵਿਅਕਤੀ ਦੀ ਤਰੱਕੀ ਲਈ ਸਭ ਤੋਂ ਵੱਡੀ ਕੁਸ਼ਲਤਾ ਹੈ।
ਸੈਸ਼ਨ ਦੌਰਾਨ ਡਿਜ਼ਾਈਨ ਥਿੰਕਿੰਗ ਬਾਰੇ ਵੀ ਚਰਚਾ ਹੋਈ। ਸ਼੍ਰੀ ਕੌਸ਼ਲ ਨੇ ਇਸ ਨੂੰ ਸਮੱਸਿਆਵਾਂ ਦਾ ਰਚਨਾਤਮਕ ਹੱਲ ਲੱਭਣ ਦਾ ਇੱਕ ਵਿਲੱਖਣ ਢੰਗ ਦੱਸਿਆ। ਉਹਨਾਂ ਨੇ ਵਿਦਿਆਰਥੀਆਂ ਨੂੰ ਡੇਵਿਡ ਕੇਲੀ ਦੀ ਡਿਜ਼ਾਈਨ ਥਿੰਕਿੰਗ ਪ੍ਰਕਿਰਿਆ ਬਾਰੇ ਸਮਝਾਇਆ, ਜਿਸ ਵਿੱਚ ਇਹ ਪੰਜ ਕਦਮ ਸ਼ਾਮਲ ਹਨ—ਪਹਿਲਾਂ ਇਹ ਜਾਣਨਾ ਕਿ ਉਪਭੋਗਤਾ ਦੀ ਲੋੜ ਕੀ ਹੈ (ਐਮਪੈਥੀ), ਫਿਰ ਅਸਲ ਸਮੱਸਿਆ ਨੂੰ ਪਰਿਭਾਸ਼ਿਤ ਕਰਨਾ (ਡਿਫਾਇਨ), ਫਿਰ ਨਵੇਂ ਵਿਚਾਰਾਂ ‘ਤੇ ਸੋਚਣਾ (ਆਈਡੀਆ), ਆਪਣੇ ਆਈਡੀਆ ਦਾ ਮਾਡਲ ਤਿਆਰ ਕਰਨਾ (ਪ੍ਰੋਟੋ-ਟਾਈਪ), ਅਤੇ ਆਖ਼ਰੀ ਵਿੱਚ ਹੱਲ ਦੀ ਪ੍ਰੀਖਿਆ ਕਰਨੀ (ਟੈਸਟਿੰਗ)।
ਸੈਸ਼ਨ ਦੇ ਅਖੀਰ ਵਿੱਚ ਵਿਦਿਆਰਥੀਆਂ ਨੇ ਖੁੱਲ੍ਹ ਕੇ ਸਵਾਲ ਪੁੱਛੇ, ਜਿਸ ਨਾਲ ਇਹ ਸੈਸ਼ਨ ਹੋਰ ਵੀ ਦਿਲਚਸਪ ਤੇ ਜਾਣਕਾਰੀ ਭਰਿਆ ਹੋ ਗਿਆ। ਇਸ ਸੈਸ਼ਨ ਦੇ ਕੋਰਡੀਨੇਟਰ ਡਾ. ਸ਼ੀਤਲ ਲਲੋਤਰਾ ਅਤੇ ਡਾ. ਹਰਪ੍ਰੀਤ ਕੌਰ ਨੇ ਸ਼੍ਰੀ ਕੌਸ਼ਲ ਨੂੰ ਮੋਮੈਂਟੋ ਭੇਂਟ ਕਰਕੇ ਉਨ੍ਹਾਂ ਪ੍ਰਤੀ ਆਪਣਾ ਆਭਾਰ ਵੀ ਪ੍ਰਗਟਨ ਕੀਤਾ। ਇਹ ਸੈਸ਼ਨ ਸਿਰਫ਼ ਇੱਕ ਲੈਕਚਰ ਨਹੀਂ, ਬਲਕਿ ਵਿਦਿਆਰਥੀਆਂ ਲਈ ਸਿੱਖਣ ਅਤੇ ਆਪਣੇ ਆਪ ਨੂੰ ਨਿਖਾਰਨ ਦਾ ਇੱਕ ਵਧੀਆ ਮੌਕਾ ਸੀ।
(2.) ਸਟਾਕ ਮਾਰਕਿਟ ਤੋਂ ਭਾਰਤੀ ਅਰਥ-ਵਿਵਸਥਾ ਦਾ ਦਰਪਣ: ਟੂਲਜ਼ ਐਂਡ ਇੰਸਾਇਟ੍ਸ
ਇੰਡਸਟਰੀ-ਅਕਾਦਮਿਕਾ ਵਿਸ਼ੇਸ਼ਗਿਆਨ ਵਿਆਖਿਆਨ ਸਮਾਗਮ ਦੇ ਦੂਜੇ ਦਿਨ, 5 ਮਾਰਚ 2025 ਨੂੰ, ਸੈਂਟਰ ਫਾਰ ਮੈਨੇਜਮੈਂਟ ਐਂਡ ਹਿਊਮੈਨਿਟੀਜ਼ ਵਲੋਂ ਇੱਕ ਇੰਟਰਐਕਟਿਵ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਦੇ ਮੁੱਖ ਵਕਤਾ ਸਨ, ਸ਼੍ਰੀ ਮਨਜੀਤ ਸਿੰਘ ਢਿੱਲੋਂ, ਜੋ ਕਿ ਆਈ.ਸੀ.ਐਸ.ਆਈ. ਕੰਪਨੀ ਸੈਕਰਟਰੀ, ਚੰਡੀਗੜ੍ਹ ਦੇ ਫੈਲੋ ਮੈਂਬਰ ਹਨ। ਉਨ੍ਹਾਂ ਨੇ "ਸਟਾਕ ਮਾਰਕਿਟ ਤੋਂ ਭਾਰਤੀ ਅਰਥ-ਵਿਵਸਥਾ ਦਾ ਦਰਪਣ: ਟੂਲਜ਼ ਐਂਡ ਇੰਸਾਇਟ੍ਸ" ਵਿਸ਼ਵ ਪੱਧਰੀ ਵਪਾਰ ਦੀਆਂ ਬਦਲਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤਾ ਗਿਆ। ਇਹ ਲੈਕਚਰ ਮੈਨੇਜਮੈਂਟ ਅਤੇ ਹਿਊਮੈਨਿਟੀਜ਼ ਸੈਂਟਰ ਦੇ ਵਿਦਿਆਰਥੀਆਂ, ਖੋਜਵਾਨਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਸ਼੍ਰੀ ਢਿੱਲੋਂ ਨੇ ਇਹ ਗੱਲ ਜ਼ੋਰ ਦੇ ਕੇ ਕਹੀ, ਕਿ ਸ਼ੇਅਰ ਬਾਜ਼ਾਰ ਅਤੇ ਅਰਥਵਿਵਸਥਾ ਦੇ ਆਪਸੀ ਸਬੰਧ ਨੂੰ ਸਮਝਣਾ ਕਿਉਂ ਲਾਜ਼ਮੀ ਹੈ। ਉਨ੍ਹਾਂ ਵਿਆਖਿਆ ਕੀਤੀ, ਕਿ ਸ਼ੇਅਰ ਬਾਜ਼ਾਰ ਕਿਸੇ ਦੇਸ਼ ਦੀ ਆਰਥਿਕ ਸਿਹਤ ਦਾ ਪ੍ਰਤੀਬਿੰਬ ਹੁੰਦਾ ਹੈ—ਜੇਕਰ ਸ਼ੇਅਰ ਚੜ੍ਹਦੇ ਹਨ, ਤਾਂ ਇਹ ਵਿਕਾਸ ਦਾ ਸੰਕੇਤ ਦਿੰਦੇ ਹਨ, ਅਤੇ ਜੇਕਰ ਸ਼ੇਅਰਾਂ ਦੀ ਕੀਮਤ ਘੱਟਦੀ ਹੈ, ਤਾਂ ਇਹ ਮੰਦਭਾਗੀ ਆਰਥਿਕ ਹਾਲਾਤਾਂ ਦੀ ਨਿਸ਼ਾਨੀ ਹੁੰਦੀ ਹੈ, ਜਿਸ ਨਾਲ ਆਰਥਿਕ ਨੀਤੀਆਂ ਪ੍ਰਭਾਵਿਤ ਹੁੰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਸ਼ੇਅਰ ਬਾਜ਼ਾਰ ਨੂੰ ਭਾਰਤੀ ਅਰਥਵਿਵਸਥਾ ਦੇ ਦਰਪਣ ਵਜੋਂ ਵੇਖਣਾ ਕਿੰਨਾ ਮਹੱਤਵਪੂਰਨ ਹੈ, ਕਿਉਂਕਿ ਇਹ ਦੇਸ਼ ਦੀ ਵਿੱਤੀ ਹਾਲਤ ਅਤੇ ਆਰਥਿਕ ਰੁਝਾਨਾਂ ਨੂੰ ਸਮਝਣ ਲਈ ਇੱਕ ਵਿਅਕਤ ਦ੍ਰਿਸ਼ਟੀਕੋਣ ਦਿੰਦਾ ਹੈ। ਸ਼ੇਅਰ ਬਾਜ਼ਾਰ ਇੱਕ ਆਰਥਿਕ ਇੰਡੈਕਸ ਵਾਂਗ ਕੰਮ ਕਰਦਾ ਹੈ, ਜੋ ਨਿਵੇਸ਼ਕਾਂ ਦੀ ਭਾਵਨਾ, ਕੰਪਨੀ ਦੇ ਪ੍ਰਦਰਸ਼ਨ ਅਤੇ ਬਾਜ਼ਾਰ ਦੀਆਂ ਹਲਚਲਾਂ ਨੂੰ ਦਰਸਾਉਂਦਾ ਹੈ।
ਸ਼੍ਰੀ ਢਿੱਲੋਂ ਨੇ ਸ਼ੇਅਰ ਬਾਜ਼ਾਰ ਵਿੱਚ ਆਉਣ ਵਾਲੀ ਮੰਦੀ ਦੇ ਕਈ ਕਾਰਨਾਂ ਦੀ ਵੀ ਚਰਚਾ ਕੀਤੀ, ਜਿਵੇਂ ਕਿ ਉਪਭੋਗਤਾ ਖ਼ਰਚ ਵਿੱਚ ਕਮੀ, ਨਿਵੇਸ਼ ਵਿੱਚ ਗਿਰਾਵਟ, ਅਤੇ ਅਤਿਅਧਿਕ ਮੁੱਲਾਂ ‘ਤੇ ਬੇਚੇ ਗਏ ਸ਼ੇਅਰ। ਉਨ੍ਹਾਂ ਇਹ ਵੀ ਦੱਸਿਆ ਕਿ ਆਰਥਿਕ ਮੰਦਭਾਗ, ਰਾਜਨੀਤਕ ਅਸਥਿਰਤਾ, ਮਹਿੰਗਾਈ, ਉੱਚ ਵਿਆਜ ਦਰਾਂ, ਕੰਪਨੀਆਂ ਦੇ ਨਿਕੰਮੇ ਆਰਥਿਕ ਨਤੀਜੇ, ਨਿਵੇਸ਼ਕਾਂ ਵਿੱਚ ਦਹਿਸ਼ਤ, ਵਿਸ਼ਵ ਪੱਧਰੀ ਸੰਕਟ, ਜਾਂ ਬਾਜ਼ਾਰ ਵਿੱਚ ਅਟਕਲਾਂ ਲੱਗਣ ਕਰਕੇ ਵੀ ਸ਼ੇਅਰ ਬਾਜ਼ਾਰ ਵਿੱਚ ਉਤਾਰ-ਚੜਾਅ ਆ ਸਕਦੇ ਹਨ। ਇਹ ਸਾਰੇ ਤੱਤ ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਹਿਲਾ ਸਕਦੇ ਹਨ, ਜਿਸ ਕਾਰਨ ਸ਼ੇਅਰਾਂ ਦੀ ਵਿਕਰੀ ਵਧ ਜਾਂਦੀ ਹੈ ਅਤੇ ਬਾਜ਼ਾਰ ਹੇਠਾਂ ਡਿੱਗਦਾ ਹੈ। ਇਨ੍ਹਾਂ ਸਭ ਤੋਂ ਇਲਾਵਾ, ਉਨ੍ਹਾਂ ਨੇ "ਡਿਕਪਲਿੰਗ ਫਿਨਾਮਿਨਾ" ਦੀ ਵੀ ਵਿਆਖਿਆ ਕੀਤੀ, ਜਿਸ ਵਿੱਚ ਕਿਸੇ ਦੇਸ਼ ਦਾ ਸ਼ੇਅਰ ਬਾਜ਼ਾਰ ਵਿਸ਼ਵ ਪੱਧਰੀ ਜਾਂ ਆਰਥਿਕ ਰੁਝਾਨਾਂ ਤੋਂ ਅਲੱਗ ਤਰੀਕੇ ਨਾਲ ਕੰਮ ਕਰਦਾ ਹੈ।
ਅੱਗੇ, ਸ਼੍ਰੀ ਢਿੱਲੋਂ ਨੇ ਉਹਨਾਂ ਵੱਖ-ਵੱਖ ਵਿਸ਼ਲੇਸ਼ਣਾਤਮਕ ਉਪਕਰਣਾਂ ਬਾਰੇ ਵੀ ਜਾਣਕਾਰੀ ਦਿੱਤੀ, ਜੋ ਨਿਵੇਸ਼ ਸੰਬੰਧੀ ਸੁਝਾਅ ਲੈਣ ਅਤੇ ਵਿਅਪਕ ਆਰਥਿਕ ਵਾਤਾਵਰਣ ਨੂੰ ਸਮਝਣ ਲਈ ਮਹੱਤਵਪੂਰਨ ਹਨ। ਉਨ੍ਹਾਂ ਦੱਸਿਆ ਕਿ ਸ਼ੇਅਰ ਬਾਜ਼ਾਰ ਦਾ ਗਿਆਨ ਨਾ ਸਿਰਫ਼ ਵਿਦਿਆਰਥੀਆਂ ਨੂੰ ਆਰਥਿਕ ਸਿਧਾਂਤਾਂ ਨੂੰ ਸਮਝਣ ਵਿੱਚ ਮਦਦ ਕਰਦਾ ਹੈ, ਬਲਕਿ ਇਹ ਉਨ੍ਹਾਂ ਨੂੰ ਵਿਅਕਤੀਗਤ ਵਿੱਤੀ ਯੋਜਨਾਵਾਂ ਨੂੰ ਸੰਭਾਲਣ, ਤਾਰਕਿਕ ਸੋਚ ਵਿਕਸਿਤ ਕਰਨ, ਅਤੇ ਨਿਵੇਸ਼ ਮੌਕੇ ਪਛਾਣਣ ਵਿੱਚ ਵੀ ਸਮਰਥ ਬਣਾਉਂਦਾ ਹੈ। ਇਹ ਵਿੱਤੀ ਗਿਆਨਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੇ ਕਰੀਅਰ ਅਤੇ ਆਰਥਿਕ ਸਫਲਤਾ ਲਈ ਤਿਆਰ ਕਰਦਾ ਹੈ।
ਸੈਸ਼ਨ ਦੇ ਆਖ਼ਰੀ ਹਿੱਸੇ ਵਿੱਚ ਇੱਕ ਰੁਚਿਕਰ ਚਰਚਾ ਹੋਈ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼੍ਰੀ ਢਿੱਲੋਂ ਨੂੰ ਅਨੇਕਾਂ ਸਵਾਲ ਪੁੱਛੇ। ਅੰਤ ਵਿੱਚ, ਪ੍ਰੋਗਰਾਮ ਦੇ ਕੋਰਡੀਨੇਟਰ ਡਾ. ਰਾਕੇਸ਼ ਅਤੇ ਡਾ. ਸ਼ੀਤਲ ਲਲੋਤਰਾ ਨੇ ਸ਼੍ਰੀ ਢਿੱਲੋਂ ਨੂੰ ਯਾਦਗਾਰੀ ਸਮਾਰਕ ਭੇਂਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ।
