ਮੁਹਾਲੀ ਦੀ ਹੱਦਬੰਦੀ ਵਿੱਚ ਸਿਆਸੀ ਦਖਲਅੰਦਾਜ਼ੀ ਦੇ ਸਾਫ਼ ਸੰਕੇਤ ਮੇਅਰ ਜੀਤੀ ਸਿੱਧੂ

ਐਸ ਏ ਐਸ ਨਗਰ, 23 ਅਕਤੂਬਰ- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ਨਗਰ ਨਿਗਮ ਦੀ ਵਧਾਈ ਗਈ ਹੱਦਬੰਦੀ ਦੀ ਨਵੀਂ ਨੋਟੀਫਿਕੇਸ਼ਨ ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਸਰਕਾਰ ਨੇ ਚੁਣੇ ਹੋਏ ਨੁਮਾਇੰਦਿਆਂ ਦੇ ਮਤੇ ਨਾਲ ਛੇੜਛਾੜ ਕਰਕੇ ਲੋਕਤੰਤਰ ਦੀ ਰੂਹ ਨੂੰ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਜਾਰੀ ਕੀਤੀ ਗਈ ਹੱਦਬੰਦੀ ਨੋਟੀਫਿਕੇਸ਼ਨ ਵਿੱਚ ਕਈ ਅਹਿਮ ਇਲਾਕਿਆਂ ਨੂੰ ਬਿਨਾਂ ਕਿਸੇ ਜਾਇਜ਼ ਕਾਰਨ ਦੇ ਬਾਹਰ ਰੱਖਿਆ ਗਿਆ ਹੈ।
ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਪਾਸ ਕੀਤੇ ਗਏ ਮਤੇ ਵਿੱਚ ਕਈ ਮੁੱਖ ਇਲਾਕੇ (ਬਲੌਂਗੀ ਪਿੰਡ, ਬਲੌਂਗੀ ਕਲੋਨੀ, ਬੜ ਮਾਜਰਾ ਪਿੰਡ, ਬੜ ਮਾਜਰਾ ਕਲੋਨੀ, ਗ੍ਰੀਨ ਇਨਕਲੇਵ, ਸੈਕਟਰ 118 ਅਤੇ 119, ਬਲਿਆਲੀ ਅਤੇ ਟੀ ਡੀ ਆਈ ਖੇਤਰ) ਸਪੱਸ਼ਟ ਤੌਰ ਤੇ ਸ਼ਾਮਲ ਕੀਤੇ ਗਏ ਸਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਨੇ ਇਹ ਸਾਰੇ ਖੇਤਰ ਪੂਰੀ ਤਰ੍ਹਾਂ ਬਾਹਰ ਕਰ ਦਿੱਤੇ ਹਨ।
ਉਹਨਾਂ ਕਿਹਾ ਕਿ ਇਹ ਜਾਣ-ਬੁੱਝ ਕੇ ਕੀਤੀ ਗਈ ਸਿਆਸੀ ਦਖਲਅੰਦਾਜ਼ੀ ਹੈ। ਉਹਨਾਂ ਕਿਹਾ ਕਿ ਇਹ ਫੈਸਲਾ ਰਾਜਨੀਤਿਕ ਪੱਖਪਾਤ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਕੁਝ ਖੇਤਰਾਂ ਨੂੰ ਸਿਰਫ਼ ਇਸ ਕਰਕੇ ਬਾਹਰ ਰੱਖਿਆ ਗਿਆ ਹੈ ਕਿਉਂਕਿ ਉਹਨਾਂ ਥਾਵਾਂ ਤੇ ਸਰਕਾਰ ਨੂੰ ਚੋਣਾਂ ਦੌਰਾਨ ਸਮਰਥਨ ਨਹੀਂ ਮਿਲਿਆ।
ਮੇਅਰ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਮੰਨਣਗੇ ਨਹੀਂ। ਉਹਨਾਂ ਐਲਾਨ ਕੀਤਾ ਕਿ ਉਹ ਜਲਦੀ ਹੀ ਆਪਣੇ ਇਤਰਾਜ਼ ਸਰਕਾਰੀ ਤੌਰ ਤੇ ਦਾਖਲ ਕਰਨਗੇ ਅਤੇ ਸਾਰੇ ਕੌਂਸਲਰਾਂ ਨਾਲ ਸਲਾਹ-ਮਸ਼ਵਰਾ ਕਰਕੇ ਅਗਲੀ ਕਾਰਵਾਈ ਦਾ ਐਲਾਨ ਕਰਨਗੇ।