ਸਿਵਲ ਸਰਜਨ ਨੇ ਸਿਵਲ ਹਸਪਤਾਲ ਰਾਜਪੁਰਾ ਦੇ ਐਮਰਜੈਂਸੀ ਵਾਰਡ ਦਾ ਕੀਤਾ ਦੌਰਾ
ਪਟਿਆਲਾ 24 ਦਸੰਬਰ:- ਸਿਵਲ ਸਰਜਨ ਪਟਿਆਲਾ ਡਾ. ਜਸਵਿੰਦਰ ਸਿੰਘ ਨੇ ਬੀਤੀ ਰਾਤ ਅੱਠ ਵਜੇ ਸਿਵਲ ਹਸਪਤਾਲ ਰਾਜਪੁਰਾ ਦੇ ਐਮਰਜੈਂਸੀ ਵਾਰਡ ਅਤੇ ਜਨਰਲ ਵਾਰਡ ਦਾ ਦੌਰਾ ਕੀਤਾ। ਇੱਥੇ ਉਨਾਂ ਨੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਸਾਰਾ ਐਮਰਜੈਂਸੀ ਸਟਾਫ ਹਾਜ਼ਰ ਸੀ। ਸਿਵਲ ਸਰਜਨ ਨੇ ਸਭ ਤੋਂ ਪਹਿਲਾਂ ਐਮਰਜੈਂਸੀ ਵਾਰਡ ਵਿੱਚ ਦਾਖਲ ਮਰੀਜ਼ਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਸਬੰਧੀ ਸਥਿਤੀ ਦੀ ਜਾਣਕਾਰੀ ਲਈ।
ਉਹਨਾਂ ਐਮਰਜੈਂਸੀ ਵਿਚ ਮੌਜੂਦ ਮੈਡੀਕਲ ਅਫਸਰ ਡਾ. ਰਣਦੀਪ ਸਿੰਘ ਤੋਂ ਉਹਨਾਂ ਮਰੀਜ਼ਾਂ ਨੂੰ ਦਿੱਤੇ ਜਾ ਰਹੇ ਇਲਾਜ ਬਾਰੇ ਪੁੱਛਗਿੱਛ ਕੀਤੀ। ਇਹ ਮਰੀਜ਼ ਰੂਰਲ ਏਰੀਏ ਤੋਂ ਡੋਗ ਬਾਈਟ ਕਰਕੇ ਦਾਖਲ ਹੋਏ ਸਨ। ਉਹਨਾਂ ਨੇ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ। ਉਹਨਾਂ ਵਿਸ਼ਵਾਸ ਦਵਾਇਆ ਕਿ ਸਾਰੇ ਮਰੀਜ਼ਾਂ ਦਾ ਮੁਫਤ ਇਲਾਜ ਪ੍ਰਦਾਨ ਕਰਵਾਉਣ ਵਿੱਚ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਬਾਅਦ ਉਹਨਾਂ ਨੇ ਜਨਰਲ ਵਾਰਡ ਦਾ ਦੌਰਾ ਵੀ ਕੀਤਾ।
ਇਸ ਮੌਕੇ ਉਹਨਾਂ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਮਰੀਜਾਂ ਦੀਆਂ ਫਾਈਲਾਂ ਸਮੇਂ ਸਿਰ ਕੰਪਲੀਟ ਕਰਕੇ ਉਨ੍ਹਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਈਆਂ ਜਾਣ। ਸਫਾਈ ਵਿਵਸਥਾ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ। ਮਰੀਜ਼ਾਂ ਨਾਲ ਹਲੀਮੀ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿ ਸਿਵਲ ਹਸਪਤਾਲ ਦਾ ਲੋਕਾਂ ਵਿੱਚ ਵਿਸ਼ਵਾਸ ਬਣਿਆ ਰਹੇ ਤੇ ਵੱਧ ਤੋਂ ਵੱਧ ਮਰੀਜ਼ ਇਲਾਜ ਲਈ ਇੱਥੇ ਆਉਣ।
