ਬਚਪਨ ਦੀ ਬੁਨਿਆਦ ਨੂੰ ਮਜ਼ਬੂਤ ਬਣਾਉਂਦੇ ਹਨ ਬਾਲ ਰਸਾਲੇ ਰਵੀ ਚਾਣਕਿਆ
ਹੁਸ਼ਿਆਰਪੁਰ:- ਬਚਪਨ ਦੀ ਬੁਨਿਆਦ ਨੂੰ ਨਰੋਈ ਬਣਾਉਂਦੇ ਹਨ ਬਾਲ ਰਸਾਲੇ। ਇਹ ਵਿਚਾਰ ਸਾਹਿਤ ਸਦਨ ਹੁਸ਼ਿਆਰਪੁਰ ਵੱਲੋਂ ਬਾਲ ਸਾਹਿਤ ਦੀ ਮਹੱਤਤਾ ਤੇ ਕਰਵਾਈ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਮਿਸ਼ਨ ਨਿਊ ਇੰਡੀਆ ਦੇ ਕੌਮੀ ਪ੍ਰਧਾਨ ਰਵੀ ਚਾਣਕੀਆ ਨੇ ਆਖੇ। ਉਹਨਾਂ ਅੱਗੇ ਕਿਹਾ ਕਿ ਬਾਲ ਸਾਹਿਤ ਬਚਪਨ ਨੂੰ ਸ਼ਿੰਗਾਰਨ ਤੇ ਸੰਵਾਰਨ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਇਹ ਰਸਾਲੇ ਮਨੋਰੰਜਕ ਢੰਗ ਨਾਲ ਵਿਦਿਆਰਥੀਆਂ ਦੀ ਬੁੱਧੀ ਅਤੇ ਸਰੀਰ ਨੂੰ ਵਿਕਸਿਤ ਕਰਦੇ ਹਨ। ਨਵੀਂ ਵਿੱਦਿਅਕ ਨੀਤੀ ਵਿੱਚ ਭਾਰਤੀ ਭਾਸ਼ਾਵਾਂ ਦੇ ਬਾਲ ਸਾਹਿਤ ਨੂੰ ਅਪਨਾਉਣ ਵੱਲ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ।
ਇਸ ਲਈ ਸਾਡੀ ਇਹ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪੋ ਆਪਣੀ ਮਾਤ ਭਾਸ਼ਾ ਦੇ ਰਸਾਲੇ ਬੱਚਿਆਂ ਹੱਥ ਜ਼ਰੂਰ ਦਈਏ। ਜਦੋਂ ਬੱਚੇ ਆਪਣੀ ਮਾਤ ਭਾਸ਼ਾ ਰਾਹੀਂ ਬਾਲ ਸਾਹਿਤ ਨਾਲ ਜੁੜ ਜਾਂਦੇ ਹਨ ਫਿਰ ਉਹ ਹੋਰ ਭਾਸ਼ਾਵਾਂ ਦੇ ਰਸਾਲਿਆਂ ਦੇ ਵੀ ਆਦੀ ਬਣ ਜਾਂਦੇ ਹਨ। ਇਸ ਲਈ ਹਰ ਮਾਪੇ ਤੇ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਹੱਥ ਬਾਲ ਰਸਾਲੇ ਜ਼ਰੂਰ ਦੇਵੇ। ਉਹਨਾਂ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪ੍ਰਕਾਸ਼ਿਤ ਹੁੰਦੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਇੱਕੋ ਇੱਕ ਰਸਾਲੇ ਨਿੱਕੀਆਂ ਕਰੂੰਬਲਾਂ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਨਿਰੰਤਰ ਛਪਣ ਵਾਲਾ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਦਾ ਹਰਮਨ ਪਿਆਰਾ ਇੱਕੋ ਇੱਕ ਪੰਜਾਬੀ ਰਸਾਲਾ ਹੈ।
ਬਾਲ ਭਲਾਈ ਦੇ ਇਸ ਸ਼ਾਨਦਾਰ ਯਤਨ ਵਾਸਤੇ ਉਹਨਾਂ ਬਲਜਿੰਦਰ ਮਾਨ ਅਤੇ ਪ੍ਰਬੰਧਕਾਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਅਜਿਹੇ ਕਾਰਜ ਨਿਰਸਵਾਰਥੀ ਅਤੇ ਦੇਸ਼ ਪ੍ਰੇਮੀ ਲੋਕ ਹੀ ਕਰ ਸਕਦੇ ਹਨ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਡਾ.ਅਸ਼ੋਕ ਪੁਰੀ, ਡਾ. ਦਲਜੀਤ ਸਿੰਘ ਅਜਨੋਹਾ, ਡਾ. ਰਕੇਸ਼ ਕੁਮਾਰ ਪੁੰਜ ,ਨਿਰਮਲ ਦੋਸਤ, ਐਡਵੋਕੇਟ ਅਸ਼ਵਨੀ ਵਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਹੜੇ ਬੱਚੇ ਬਾਲ ਸਾਹਿਤ ਦੀਆਂ ਪੁਸਤਕਾਂ ਅਤੇ ਰਸਾਲੇ ਪੜ੍ਹਦੇ ਹਨ ਉਹ ਜੀਵਨ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਦੇ ਹਨ। ਜਿਵੇਂ ਸਾਡੇ ਜੀਵਨ ਵਿੱਚ ਆਕਸੀਜ਼ਨ ਦੀ ਮਹੱਤਤਾ ਹੈ ਉਸੇ ਤਰ੍ਹਾਂ ਬਾਲ ਸਾਹਿਤ ਬਚਪਨ ਦਾ ਅਹਿਮ ਅੰਗ ਹੈ।
ਜਿਸ ਤੋਂ ਅਸੀਂ ਉਦਾਸੀਨ ਹੋਏ ਬੈਠੇ ਹਾਂ। ਬਾਲ ਸਾਹਿਤ ਰਾਹੀਂ ਅਸੀਂ ਮਨੁੱਖੀ ਕਦਰਾਂ ਕੀਮਤਾਂ ਦਾ ਵਿਕਾਸ ਕਰਕੇ ਆਦਰਸ਼ ਨਾਗਰਿਕ ਪੈਦਾ ਕਰ ਸਕਦੇ ਹਾਂ। ਇਸ ਮੌਕੇ ਬਲਜਿੰਦਰ ਮਾਨ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਲ ਸਾਹਿਤ ਦਾ ਪ੍ਰਕਾਸ਼ਨ ਕਰਨਾ ਕੋਈ ਬਿਜ਼ਨਸ ਵਾਲਾ ਕਾਰਜ ਨਹੀਂ ਹੈ। ਜਿਹੜੇ ਧਰਤੀ ਮਾਂ, ਮਾਤਾ ਅਤੇ ਮਾਤ ਭਾਸ਼ਾ ਨੂੰ ਪਿਆਰ ਕਰਦੇ ਹਨ ਉਹ ਬੱਚਿਆਂ ਦੀ ਬੁਨਿਆਦ ਨੂੰ ਨਰੋਆ ਬਣਾਉਣ ਵਿੱਚ ਜੁਟੇ ਹੋਏ ਹਨ। ਇਸ ਮੌਕੇ ਰਮੇਸ਼ ਕੁਮਾਰ, ਐਮ.ਐਸ.ਹੀਰਾ, ਚੌਧਰੀ ਅੰਮ੍ਰਿਤ ਲਾਲ , ਅਸ਼ਵਨੀ ਕੁਮਾਰ,ਚੈਂ ਚਲ ਸਿੰਘ ਬੈਂਸ, ਸੁਖਮਨ ਸਿੰਘ, ਅੰਮ੍ਰਿਤ ਪਾਲ ਸਿੰਘ, ਮਨਜਿੰਦਰ ਹੀਰ, ਸੁਖਵਿੰਦਰ ਕੁਮਾਰ, ਹਰਵੀਰ ਮਾਨ ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ।
