ਬਾਲ ਪੁਸਤਕਾਂ ਮਨੁੱਖੀ ਜੀਵਨ ਨੂੰ ਸ਼ਿੰਗਾਰਦੀਆਂ ਤੇ ਸੰਵਾਰਦੀਆਂ ਹਨ- ਸੈਮਸਨ ਮਸੀਹ
ਮਾਹਿਲਪੁਰ- ਬਾਲ ਪੁਸਤਕਾਂ ਮਨੁੱਖੀ ਜੀਵਨ ਨੂੰ ਸ਼ਿੰਗਾਰਦੀਆਂ ਤੇ ਸੰਵਾਰਦੀਆਂ ਹਨ। ਇਹ ਵਿਚਾਰ ਨਹਿਰੂ ਯੁਵਾ ਕੇਂਦਰ (ਭਾਰਤ ਸਰਕਾਰ) ਦੇ ਸਾਬਕਾ ਸਟੇਟ ਡਾਇਰੈਕਟਰ (ਹਿਮਾਚਲ ਪ੍ਰਦੇਸ਼) ਅਤੇ ਸਕੱਤਰ ਰੈਡ ਕਰਾਸ ਅੰਮ੍ਰਿਤਸਰ ਸੈਮਸਨ ਮਸੀਹ ਨੇ ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਕਰਵਾਏ ਪੁਸਤਕ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਆਖੇ।
ਉਹਨਾਂ ਅੱਗੇ ਕਿਹਾ ਕਿ ਜੇਕਰ ਅਸੀਂ ਆਪਣੀ ਨਵੀਂ ਪਨੀਰੀ ਨੂੰ ਆਦਰਸ਼ ਨਾਗਰਿਕ ਬਣਾਉਣਾ ਹੈ ਤਾਂ ਇੰਟਰਨੈਟ ਦੇ ਜਾਲ 'ਚੋਂ ਕੱਢ ਕੇ ਪੁਸਤਕਾਂ ਦੇ ਬਗੀਚੇ ਵਿੱਚ ਸੈਰ ਕਰਵਾਉਣੀ ਹੋਵੇਗੀ। ਜਿਹੜੇ ਵਿਦਿਆਰਥੀ ਬਾਲ ਸਾਹਿਤ ਦੀਆਂ ਪੁਸਤਕਾਂ ਅਤੇ ਰਸਾਲੇ ਪੜ੍ਹਦੇ ਹਨ ਉਨ੍ਹਾਂ ਦੀ ਸ਼ਖਸ਼ੀਅਤ ਨਰੋਈ ਅਤੇ ਸਮੇਂ ਦੀ ਹਾਣੀ ਬਣ ਜਾਂਦੀ ਹੈ। ਇਸ ਲਈ ਅੱਜ ਇਹ ਅਤੀ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਆਪਣੇ ਬੱਚਿਆਂ ਹੱਥ ਰੌਚਕ ਅਤੇ ਨਰੋਇਆ ਪੁਸਤਕਾਂ ਫੜਾਈਏ ਤਾਂ ਕਿ ਉਹ ਨੈਤਿਕ ਕਦਰਾਂ ਕੀਮਤਾਂ ਨਾਲ ਲੈਸ ਹੋ ਕੇ ਆਦਰਸ਼ ਨਾਗਰਿਕ ਬਣ ਸਕਣ।
ਉਹਨਾਂ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਅਤੇ ਸੁਰ ਸੰਗਮ ਵਿੱਦਿਅਕ ਟਰੱਸਟ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਅਦਾਰੇ ਵੱਲੋਂ ਪੁਸਤਕ ਸੱਭਿਆਚਾਰ ਪੈਦਾ ਕਰਨ ਦੇ ਉਪਰਾਲਿਆਂ ਵਜ਼ੋਂ ਹਜ਼ਾਰਾਂ ਰੁਪਏ ਦੇ ਮੈਗਜ਼ੀਨ ਅਤੇ ਬਾਲ ਪੁਸਤਕਾਂ ਵਿਦਿਆਰਥੀਆਂ ਅਤੇ ਸੰਸਥਾਵਾਂ ਦੇ ਮੁਖੀਆਂ ਨੂੰ ਤੋਹਫੇ ਵਜੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਨਿਰਸਵਾਰਥੀ ਯਤਨ ਵਾਸਤੇ ਬਲਜਿੰਦਰ ਮਾਨ ਅਤੇ ਕਰੂੰਬਲਾਂ ਪਰਿਵਾਰ ਪਿਛਲੇ ਤਿੰਨ ਦਹਾਕਿਆਂ ਤੋਂ ਸਰਗਰਮ ਭੂਮਿਕਾ ਅਦਾ ਕਰ ਰਿਹਾ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਨੈਸ਼ਨਲ ਯੂਥ ਅਵਾਰਡੀ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਡਿਪਟੀ ਚੀਫ ਵਾਰਡਨ ਸਿਵਿਲ ਡਿਫੈਂਸ ਪ੍ਰਮੋਦ ਸ਼ਰਮਾ, ਐਕਟਰ ਡਾਇਰੈਕਟਰ ਅਸ਼ੋਕ ਪੁਰੀ, ਬਲਬੀਰ ਸਿੰਘ ਕਮਲ, ਕਮਲ ਕੰਠ, ਵਿਜੇ ਸੇਠੀ, ਰਾਜੇਸ਼ ਕੁਮਾਰ, ਵਿਜੇ ਰਾਣਾ ਨੇ ਕਿਹਾ ਕਿ ਨਿੱਕੀਆਂ ਕਰੁੰਬਲਾਂ ਦੇ ਨਿਰੰਤਰ ਪ੍ਰਕਾਸ਼ਨ ਨਾਲ ਬਲਜਿੰਦਰ ਮਾਨ ਨੇ ਇੱਕ ਰਿਕਾਰਡ ਕਾਇਮ ਕਰਕੇ ਇਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਕਰਵਾ ਦਿੱਤਾ ਹੈ।
ਪੰਜਾਬੀ ਵਿੱਚ ਨਿਜੀ ਖੇਤਰ ਦਾ ਪੂਰੀ ਦੁਨੀਆਂ ਵਿੱਚ ਤਿੰਨ ਦਹਾਕਿਆਂ ਤੋਂ ਨਿਰੰਤਰ ਛਪਣ ਵਾਲਾ ਇਹ ਇੱਕੋ ਇੱਕ ਬਾਲ ਰਸਾਲਾ ਹੈ । ਅੱਜ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਪੰਜਾਬੀ ਇਸ ਰਸਾਲੇ ਨੂੰ ਪੜ੍ਹ ਰਹੇ ਹਨ ਅਤੇ ਇਸਦੀ ਸਾਈਟ ਦੇਸ਼ ਦੁਨੀਆਂ ਦੇ ਪਾਠਕਾਂ ਵਾਸਤੇ ਮੁਫ਼ਤ ਉਪਲਬਧ ਕਰਵਾਈ ਗਈ ਹੈ।
ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁਖਮਨ ਸਿੰਘ ਨੇ ਬਾਖੂਬੀ ਨਿਭਾਈ। ਸਮਾਰੋਹ ਵਿੱਚ ਬੱਗਾ ਸਿੰਘ ਆਰਟਿਸਟ ,ਚੈਂਚਲ ਸਿੰਘ ਬੈਂਸ ,ਸਟੇਟ ਐਵਾਰਡੀ ਜਗਦੀਸ਼ ਸਿੰਘ, ਰਘੁਵੀਰ ਸਿੰਘ ਕਲੋਆ, ਹਰਵੀਰ ਮਾਨ, ਮਨਜੀਤ ਕੌਰ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸੰਚਾਲਕ ਅਤੇ ਸਾਹਿਤ ਪ੍ਰੇਮੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਕੁਲਦੀਪ ਕੌਰ ਬੈਂਸ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਬਦ ਨਾਲ ਸਾਂਝ ਪਵਾਣੀ ਸਰਵੋਤਮ ਕਾਰਜ ਹੈ।
