ਰਾਸ਼ਟਰੀ ਅੰਧਰਾਤਾ ਰੋਕਥਾਮ ਅਤੇ ਅੱਖਾਂ ਦੀ ਰੌਸ਼ਨੀ ਬਚਾਉਣ ਸਬੰਧੀ ਬੱਚਿਆਂ ਨੂੰ ਕੀਤਾ ਜਾਗਰੂਕ ਪ੍ਰਿੰਸੀਪਲ ਰਮਨਦੀਪ ਕੌਰ
ਪਟਿਆਲਾ, 03 ਸਤੰਬਰ:- ਭਾਰਤ ਵਿੱਚ ਲੱਖਾਂ ਬੱਚੇ, ਨੌਜਵਾਨ ਅਤੇ ਨਾਗਰਿਕ ਅੰਨ੍ਹੇਪਣ ਦਾ ਸ਼ਿਕਾਰ ਹੁੰਦੇ ਹਨ, ਪਰ ਲੋਕਾਂ ਵੱਲੋਂ ਆਪਣੇ ਮ੍ਰਿਤਕਾਂ ਦੀਆਂ ਅੱਖਾਂ ਦਾਨ ਨਹੀਂ ਕੀਤੀਆਂ ਜਾਂਦੀਆਂ। ਇਹ ਜਾਣਕਾਰੀ ਦਿੰਦਿਆਂ ਸੋਨੀ ਪਬਲਿਕ ਸਕੂਲ ਦੇ ਡਾਇਰੈਕਟਰ ਸ੍ਰੀ ਵਰਿੰਦਰ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਰਮਨਦੀਪ ਕੌਰ ਨੇ ਦੱਸਿਆ ਕਿ ਦੇਸ਼ ਵਿੱਚ ਅੰਧਰਾਤਾ ਰੋਕਥਾਮ ਅਤੇ ਮ੍ਰਿਤਕਾਂ ਦੀਆਂ ਅੱਖਾਂ ਦਾਨ ਕਰਨ ਸਬੰਧੀ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਇਸੇ ਸਬੰਧ ਵਿੱਚ ਸੋਨੀ ਪਬਲਿਕ ਸਕੂਲ, ਪਟਿਆਲਾ ਵਿਖੇ ਬੱਚਿਆਂ ਨੂੰ ਅੱਖਾਂ ਦੀ ਸੰਭਾਲ ਅਤੇ ਅੱਖਾਂ ਦੀ ਰੌਸ਼ਨੀ ਬਚਾਉਣ ਸਬੰਧੀ ਜਾਣਕਾਰੀ ਦੇਣ ਲਈ ਰੈੱਡ ਕਰਾਸ ਦੇ ਸੇਵਾਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ੍ਰੀ ਕਾਕਾ ਰਾਮ ਵਰਮਾ ਦੀ ਸਹਾਇਤਾ ਲਈ ਗਈ। ਸ੍ਰੀ ਕਾਕਾ ਰਾਮ ਵਰਮਾ ਨੇ ਬੱਚਿਆਂ ਨੂੰ ਅੱਖਾਂ ਦੀ ਸੰਭਾਲ ਅਤੇ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣ ਦੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।
ਬੱਚਿਆਂ ਨੂੰ ਸਮਝਾਇਆ ਗਿਆ ਕਿ ਫਾਸਟ ਫੂਡ, ਜੰਕ ਫੂਡ ਅਤੇ ਕੋਲਡ ਡਰਿੰਕਸ ਦੀ ਵੱਧ ਵਰਤੋਂ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਲਗਾਤਾਰ ਮੋਬਾਈਲ, ਕੰਪਿਊਟਰ ਜਾਂ ਟੈਲੀਵਿਜ਼ਨ ਦੇਖਣ ਨਾਲ ਅੱਖਾਂ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਸਿਰ ’ਤੇ ਲੱਗੀਆਂ ਅੰਦਰੂਨੀ ਸੱਟਾਂ, ਮੋਤੀਆ ਬਿੰਦ, ਅੱਖਾਂ ’ਤੇ ਸੱਟ ਲੱਗਣ ਅਤੇ ਵਿਟਾਮਿਨ-ਏ ਦੀ ਕਮੀ ਕਾਰਨ ਵੀ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਅੱਖਾਂ ਦੀ ਸਫਾਈ ਲਈ ਦਿਨ ਵਿੱਚ 5-6 ਵਾਰ ਤਾਜ਼ੇ ਪਾਣੀ ਨਾਲ ਅੱਖਾਂ ਧੋਣ, ਵੱਧ ਤੋਂ ਵੱਧ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰਨ ਅਤੇ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣ ਲਈ ਕਸਰਤ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਜਾਗਰੂਕਤਾ ਦੀ ਘਾਟ ਕਾਰਨ ਹਰ ਸਾਲ 50,000 ਤੋਂ ਵੱਧ ਬੱਚੇ ਅਤੇ ਨੌਜਵਾਨ ਅੰਧਰਾਤੇ ਦਾ ਸ਼ਿਕਾਰ ਹੋ ਰਹੇ ਹਨ। ਇਸ ਲਈ ਲੋਕਾਂ ਨੂੰ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਮ੍ਰਿਤਕਾਂ ਦੀਆਂ ਅੱਖਾਂ ਦਾਨ ਕਰਨ ਲਈ ਵੀ ਅੱਗੇ ਆਉਣਾ ਚਾਹੀਦਾ ਹੈ।
