ਐਂਟੀ ਬੈਗਿੰਗ ਟਾਸਕ ਫੋਰਸ ਦੀ ਟੀਮ ਵੱਲੋਂ ਚੈਕਿੰਗ ਇੱਕ ਬੱਚਾ ਭੀਖ ਮੰਗਦਾ ਪਾਇਆ ਗਿਆ

ਸੰਗਰੂਰ, 17 ਅਗਸਤ- ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀਮਤੀ ਪੂਨਮਦੀਪ ਕੌਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਪ੍ਰਦੀਪ ਗਿੱਲ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਨਵਨੀਤ ਕੌਰ ਤੂਰ ਦੀ ਅਗਵਾਈ ਹੇਠ ਬਾਲ ਭਿੱਖਿਆ ਦੇ ਖਾਤਮੇ ਸਬੰਧੀ ਜਿਲ੍ਹਾ ਪੱਧਰ 'ਤੇ ਬਣਾਈ ਗਈ ਐਂਟੀ ਬੈਗਿੰਗ ਟਾਸਕ ਫੋਰਸ ਦੀ ਟੀਮ ਵੱਲੋਂ ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਬਾਲ ਭਿੱਖਿਆ 'ਤੇ ਪੂਰਨ ਤੌਰ 'ਤੇ ਰੋਕ ਲਾਉਣ ਦੇ ਮੰਤਵ ਨਾਲ ਪ੍ਰੋਜੈਕਟ ਜੀਵਨਜੋਤ 2.0 ਤਹਿਤ ਅਭਿਆਨ ਚਲਾਇਆ ਗਿਆ। 
ਜ਼ਿਲ੍ਹਾ ਪੱਧਰ 'ਤੇ ਬਣਾਈ ਗਈ ਟਾਸਕ ਫੋਰਸ ਟੀਮ(DTF) ਵੱਲੋਂ ਸੰਗਰੂਰ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਬੱਚਿਆਂ ਵੱਲੋਂ ਕੀਤੀ ਜਾਣ ਵਾਲੀ ਬਾਲ ਭਿੱਖਿਆ 'ਤੇ ਰੋਕ ਲਗਾਉਣ ਦੇ ਉਦੇਸ਼ ਨਾਲ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ 'ਤੇ ਅਚਾਨਕ ਚੈਕਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਐਂਟੀ ਬੈਗਿੰਗ ਟਾਸਕ ਫੋਰਸ ਟੀਮ ਵਿੱਚ ਸ੍ਰੀ ਗੁਰਜਿੰਦਰ ਸਿੰਘ -(ਸਿੱਖਿਆ ਵਿਭਾਗ) ਏ ਐੱਸ ਆਈ ਹਰੀਸ਼ ਕੁਮਾਰ - (ਪੁਲਿਸ ਵਿਭਾਗ) ਸ੍ਰੀ ਗਗਨਦੀਪ ਗਰਗ-(ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਸੰਗਰੂਰ) ਸ੍ਰੀ ਰੁਪਿੰਦਰ ਸਿੰਘ (ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਸੰਗਰੂਰ) ਸ੍ਰੀ ਅਮਨਦੀਪ ਸਿੰਘ (ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਸੰਗਰੂਰ) ਅਤੇ ਸ਼੍ਰੀਮਤੀ ਮਨਪ੍ਰੀਤ ਕੌਰ (ਚਾਈਲਡ ਲਾਈਨ) ਆਦਿ ਸ਼ਾਮਲ ਸਨ।
ਚੈਕਿੰਗ ਦੌਰਾਨ ਟੀਮ ਵੱਲੋਂ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਗਿਆ ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕਿਲ੍ਹਾ ਮਾਰਕੀਟ ਤੋਂ ਇੱਕ ਬੱਚਾ ਭੀਖ ਮੰਗਦਾ ਪਾਇਆ ਗਿਆ। ਸਮੂਹ ਟੀਮ ਵੱਲੋਂ ਇਲਾਕੇ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਲੋਕਾਂ ਨੂੰ ਬਾਲ ਭਿਖਿਆ ਸਬੰਧੀ ਕਾਨੂੰਨ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਭਵਿੱਖ ਵਿੱਚ ਕਿਤੇ ਵੀ ਕੋਈ ਬੱਚਾ ਭੀਖ ਮੰਗਦਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਉਸ ਦੀ ਜਾਣਕਾਰੀ ਚਾਈਲਡ ਲਾਈਨ ਦੇ ਟੋਲ ਫਰੀ ਨੰਬਰ 1098 ਜਾਂ ਸਬੰਧਤ ਵਿਭਾਗ ਨੂੰ ਦਿੱਤੀ ਜਾਵੇ।