ਸਦੀਆਂ ਬਾਅਦ ਪੈਦਾ ਹੁੰਦਾ ਹੈ ਸਵ: ਬਲਵੰਤ ਸਿੰਘ ਖੇੜਾ ਜੀ ਵਰਗਾ ਲੋਕ ਹਿਤੈਸ਼ੀ ਆਗੂ
ਮਾਹਿਲਪੁਰ, (28 ਨਵੰਬਰ) ਬੀਤੇ ਦਿਨੀਂ ਹੁਸ਼ਿਆਰਪੁਰ ਦੇ ਮੰਨੇ ਪ੍ਰਮੰਨੇ ਸਮਾਜਵਾਦੀ ਆਗੂ ਸਰਦਾਰ ਬਲਵੰਤ ਸਿੰਘ ਖੇੜਾ ਜੀ ਦੇ ਸਦੀਵੀ ਵਿਛੋੜੇ ਨਾਲ ਸੂਬੇ ਤੇ ਦੇਸ਼ ਪੱਧਰ ਦੀ ਸਿਆਸਤ ਵਿੱਚ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ, ਜੋ ਰਾਜਨੀਤੀ ਦੇ ਵਪਾਰੀਕਰਨ ਵਾਲੇ ਅਜੋਕੇ ਯੁੱਗ ਕਦੇ ਵੀ ਕਿਸੇ ਹਾਲ ਪੂਰਾ ਨਹੀਂ ਹੋ ਸਕੇਗਾ।ਜਦੋਂ ਕਿ ਅਜਿਹੇ ਸੰਕਟ ਭਰੇ ਸਮੇਂ ਚੋਂ ਦੇਸ਼ ਨੂੰ ਸੁਰੱਖਿਅਤ ਕੱਢਣ ਲਈ ਉਨ੍ਹਾਂ ਦੀ ਦੇਸ਼ ਤੇ ਸੂਬੇ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ।ਮਹਾਨ ਰਾਸ਼ਟਰੀ ਨੇਤਾ ਜੈ ਪ੍ਰਕਾਸ਼ ਨਰਾਇਣ ਜੀ ਤੇ ਰਾਮ ਮਨੋਹਰ ਲੋਹੀਆ ਦੀ ਸ਼ਖ਼ਸੀਅਤ ਤੇ ਸੁਚੱਜੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਨਾਂ ਸਿਆਸਤ ਦੇ ਖੇਤਰ ਵਿੱਚ ਪੈਰ ਧਰਿਆ ਤੇ ਆਖਰੀ ਸਵਾਸਾਂ ਤੱਕ ਦੇਸ਼ ਤੇ ਸੂਬੇ ਦੀ ਭਲਾਈ ਲਈ ਸਰਗਰਮ ਭੂਮਿਕਾ ਨਿਭਾਉਂਦੇ ਰਹੇ।ਉਨਾਂ ਨੂੰ ਲਾਲਾ ਲਾਜਪਤ ਰਾਏ ਜੀ ਵਲੋਂ ਬਣਾਈ ਸੁਸਾਇਟੀ ਦਾ ਮੈਂਬਰ ਹੋਣ ਦਾ ਵੀ ਮਾਣ ਪ੍ਰਾਪਤ ਸੀ ਤੇ ਉਨ੍ਹਾਂ ਖ਼ੁਦ ਜ਼ਿਲ੍ਹੇ ਤੋਂ ਲੈ ਕੇ ਸੂਬੇ ਤੇ ਦੇਸ਼ ਪੱਧਰ ਤੇ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਨੂੰ ਸੰਗਠਿਤ ਕਰਨ ਤੇ ਸੰਚਾਲਿਤ ਕਰਨ ਲਈ ਵਡਮੁੱਲਾ ਯੋਗਦਾਨ ਪਾਇਆ।ਉਨ੍ਹਾਂ ਮਾਲਟਾ ਕਾਂਡ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਗੰਭੀਰ ਤੇ ਗਮਗੀਨ ਮੁੱਦੇ ਤੇ ਦਿਨ ਰਾਤ ਸਖ਼ਤ ਮਿਹਨਤ ਕਰਕੇ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਇਟਲੀ ਦੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ।ਉਨ੍ਹਾਂ ਜਿਸ ਕੰਮ ਨੂੰ ਵੀ ਹੱਥ ਪਾਇਆ ਉਸ ਨੂੰ ਸਫ਼ਲਤਾਪੂਰਵਕ ਸੰਪੂਰਨ ਕੀਤਾ ਕਦੇ ਅਧੂਰਾ ਨਹੀਂ ਛੱਡਿਆ।ਉਹ ਅੰਤਲੇ ਸਵਾਸਾਂ ਤੱਕ ਆਪਣੇ ਅਸੂਲਾਂ ਤੇ ਕਾਇਮ ਰਹੇ।ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਹੱਥ ਲਿਖਤ ਕਿਤਾਬ "ਸਮਿਆਂ ਦੇ ਸਨਮੁੱਖ" ਲੋਕਾਂ ਨੂੰ ਅਰਪਿਤ ਕੀਤੀ ਸੀ।ਉਨ੍ਹਾਂ ਨੇ ਲੋਕਾਂ ਨਾਲ ਧੋਖਾ ਕਰਨ ਵਾਲੇ ਮੌਕਾਪ੍ਰਸਤ ਤੇ ਮਕਾਰ ਸਿਆਸੀ ਆਗੂਆਂ ਦਾ ਅਸਲ ਚਿਹਰਾ ਨੰਗਾ ਕਰਨ ਲਈ ਸੱਤਾਧਾਰੀਆਂ ਨੂੰ ਕਚਹਿਰੀਆਂ ਵਿੱਚ ਘੜੀਸਿਆ ਤੇ ਜਿੱਤ ਪ੍ਰਾਪਤ ਕੀਤੀ।ਜ਼ਿੰਦਗੀ ਦੇ ਅੰਤਲੇ ਦਿਨਾਂ ਵਿੱਚ ਵੀ ਉਹ ਫਿਰਕਾਪ੍ਰਸਤ ਤਾਕਤਾਂ ਨੂੰ ਸਬਕ ਸਿਖਾਉਣ ਤੇ ਦੇਸ਼ ਨੂੰ ਬਚਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕਰ ਰਹੇ ਸਨ।ਕਦੇ ਇਹ ਸੋਚਿਆ ਵੀ ਨਹੀਂ ਜਾ ਸਕਦਾ ਸੀ ਹਰ ਵਕਤ ਲੋਕਾਂ ਦੇ ਦੁੱਖਾਂ ਦਰਦਾਂ ਥੁੜ੍ਹਾਂ ਦਾ ਭਾਰ ਵੰਡਾਉਣ ਵਾਲਾ ਫਰਿਸ਼ਤਾ ਏਨੀ ਛੇਤੀ ਸਾਥ ਛੱਡ ਜਾਵੇਗਾ।ਉਨ੍ਹਾਂ ਦੀ ਮੌਤ ਨਾਲ ਦੇਸ਼ ਭਰ ਇਮਾਨਦਾਰ ਤੇ ਸੂਝਵਾਨ ਲੋਕ ਪੱਖੀ ਆਗੂਆਂ ਵਿੱਚ ਸੋਗ ਦੀ ਲਹਿਰ ਹੈ।ਉਨ੍ਹਾਂ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 4 ਦਸੰਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਮਿੱਠਾ ਟਿਵਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਹੋ ਰਹੇ ਹਨ।ਉਨ੍ਹਾਂ ਦੇ ਸਦੀਵੀ ਵਿਛੋੜੇ ਤੇ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ,ਸੰਤ ਦਰਸ਼ਨ ਸਿੰਘ ਜੀ,ਗੀਤਕਾਰ ਗੁਰਮਿੰਦਰ ਕੈਂਡੋਵਾਲ,ਪਰਵਿੰਦਰ ਸਿੰਘ ਕਿੱਤਣਾਂ, ਬਲਵਿੰਦਰ ਕੁਮਾਰ ਸਰਪੰਚ, ਐਡਵੋਕੇਟ ਰਣਜੀਤ ਸਿੰਘ ਕਲਸੀ,ਅਮਨਦੀਪ ਸਿੰਘ ਸਰਪੰਚ,ਲੇਖਕ ਪ੍ਰੀਤ ਨੀਤਪੁਰੀ,ਸੁਖਦੇਵ ਸਿੰਘ ਸੰਘਾ,ਅਵਤਾਰ ਲੰਗੇਰੀ, ਮਲਕੀਤ ਸਿੰਘ,ਜਗਤਾਰ ਬਾਹੋਵਾਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਤੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕੀਤੀ।
