ਲੌਕਡਾਊਨ ਦੀਆਂ ਅਫ਼ਵਾਹਾਂ ਨੂੰ ਕੇਂਦਰ ਸਰਕਾਰ ਨੇ ਸਿਰੇ ਤੋਂ ਕੀਤਾ ਖਾਰਜ
ਨਵੀਂ ਦਿੱਲੀ:- ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਭਾਰਤ ਵਿੱਚ ਲੌਕਡਾਊਨ ਦੀਆਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਹੈ ਕਿ ਸਰਕਾਰ ਸਾਹਮਣੇ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ।
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਕਿਹਾ, 'ਲੌਕਡਾਊਨ ਦੀਆਂ ਅਫਵਾਹਾਂ ਝੂਠੀਆਂ ਹਨ। ਇਸ ਤਰ੍ਹਾਂ ਦੇ ਕਿਸੇ ਪ੍ਰਸਤਾਵ 'ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ। ਆਲਮੀ ਸਥਿਤੀ ਵਿੱਚ ਲਗਾਤਾਰ ਬਦਲਾਅ ਹੋ ਰਹੇ ਹਨ। ਅਸੀਂ ਊਰਜਾ, ਸਪਲਾਈ ਚੇਨ ਅਤੇ ਜ਼ਰੂਰੀ ਵਸਤਾਂ ਨਾਲ ਸਬੰਧਤ ਘਟਨਾਵਾਂ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸਾਡੇ ਨਾਗਰਿਕਾਂ ਲਈ ਤੇਲ, ਊਰਜਾ ਅਤੇ ਹੋਰ ਮਹੱਤਵਪੂਰਨ ਸਪਲਾਈ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ'।
ਪੁਰੀ ਨੇ ਕਿਹਾ ਕਿ ਅਸੀਂ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਭਾਰਤ ਨੇ ਆਲਮੀ ਅਨਿਸ਼ਚਿਤਤਾਵਾਂ ਦੇ ਸਾਹਮਣੇ ਖੁਦ ਨੂੰ ਮਜ਼ਬੂਤ ਬਣਾਈ ਰੱਖਿਆ ਹੈ। ਅਸੀਂ ਸਮਾਂਬੱਧ, ਸਰਗਰਮ ਅਤੇ ਤਾਲਮੇਲ ਵਾਲੇ ਤਰੀਕਿਆਂ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਭਾਰਤ ਵਿੱਚ ਲੌਕਡਾਊਨ ਦੀਆਂ ਅਫਵਾਹਾਂ ਪੂਰੀ ਤਰ੍ਹਾਂ ਝੂਠੀਆਂ ਹਨ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਭਾਰਤ ਸਰਕਾਰ ਦੇ ਸਾਹਮਣੇ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ। ਅਜਿਹੇ ਸਮੇਂ ਵਿੱਚ ਇਹ ਮਹੱਤਵਪੂਰਨ ਹੈ ਕਿ ਅਸੀਂ ਸ਼ਾਂਤ, ਜ਼ਿੰਮੇਵਾਰ ਅਤੇ ਇੱਕਜੁੱਟ ਰਹੀਏ। ਅਜਿਹੀ ਸਥਿਤੀ ਵਿੱਚ ਅਫਵਾਹਾਂ ਫੈਲਾਉਣਾ ਗੈਰ-ਜ਼ਿੰਮੇਵਾਰਾਨਾ ਅਤੇ ਨੁਕਸਾਨਦੇਹ ਹੈ।
