ਐਸਏਐਸ ਨਗਰ ਵਿੱਚ ਜਨਗਣਨਾ ਦੀਆਂ ਤਿਆਰੀਆਂ ਦੀ ਸ਼ੁਰੂਆਤ ਪਹਿਲੇ ਪੜਾਅ ਦੀ ਟ੍ਰੇਨਿੰਗ ਆਯੋਜਿਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਮਾਰਚ:- ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਆਉਣ ਵਾਲੀ ਜਨਗਣਨਾ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਘਰ-ਸੂਚੀਕਰਨ ਅਤੇ ਹਾਊਸਿੰਗ ਜਨਗਣਨਾ ਸੰਬੰਧੀ ਦੋ ਦਿਨਾਂ ਟ੍ਰੇਨਿੰਗ ਸੈਸ਼ਨ ਅੱਜ ਤੋਂ ਸ਼ੁਰੂ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਜ਼ਿਲ੍ਹਾ ਅਤੇ ਚਾਰਜ ਅਫ਼ਸਰਾਂ ਦੇ ਨਾਲ-ਨਾਲ ਰੈਗੂਲਰ ਅਤੇ ਟੈਕਨੀਕਲ ਸਹਾਇਕਾਂ ਨੂੰ ਜਨਗਣਨਾ ਸੰਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ ਨੇ ਅੱਜ ਇੱਥੇ ਦਿੱਤੀ।
ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਏ.ਡੀ.ਸੀ. (ਜ) ਗੀਤਿਕਾ ਸਿੰਘ, ਜੋ ਕਿ ਜ਼ਿਲ੍ਹੇ ਲਈ ਜ਼ਿਲ੍ਹਾ ਜਨ ਗਣਨਾ ਅਫ਼ਸਰ ਵਜੋਂ ਵੀ ਨਿਯੁਕਤ ਹਨ, ਨੇ ਦੱਸਿਆ ਕਿ ਇਸ ਵਾਰ ਭਾਰਤ ਦੀ 16ਵੀਂ ਜਨਗਣਨਾ (ਆਜ਼ਾਦੀ ਤੋਂ ਬਾਅਦ 8ਵੀਂ) ਡਿਜ਼ੀਟਲ ਢੰਗ ਨਾਲ ਕਰਵਾਈ ਜਾਵੇਗੀ। ਘਰਾਂ ਵੱਲੋਂ ਆਪਣੀ ਜਾਣਕਾਰੀ ਖੁਦ ਆਨਲਾਈਨ ਭਰਨ ਲਈ 30 ਅਪ੍ਰੈਲ ਤੋਂ 14 ਮਈ 2026 ਤੱਕ ਸਵੈ-ਗਣਨਾ ਲਈ ਆਨਲਾਈਨ ਪੋਰਟਲ ਖੁੱਲ੍ਹਾ ਰਹੇਗਾ। ਇਸ ਤੋਂ ਬਾਅਦ ਗਣਨਾਕਾਰ ਘਰ-ਘਰ ਜਾ ਕੇ 15 ਮਈ ਤੋਂ 13 ਜੂਨ 2026 ਤੱਕ ਫ਼ੀਲਡ ਵਰਕ ਕਰਣਗੇ, ਜੋ ਕਿ ਪਹਿਲੇ ਪੜਾਅ ਦਾ ਹਿੱਸਾ ਹੋਵੇਗਾ।
ਟ੍ਰੇਨਿੰਗ ਡਾਇਰੈਕਟੋਰੇਟ ਆਫ਼ ਸੈਂਸਜ਼ ਓਪਰੇਸ਼ਨਜ਼ ਪੰਜਾਬ ਦੇ ਸਟੇਟ ਇੰਸਟ੍ਰਕਟਰ ਗਰੇਡ-1 ਅੰਕੁਸ਼ ਸ਼ਰਮਾ ਅਤੇ ਸਟੇਟ ਇੰਸਟ੍ਰਕਟਰ ਗਰੇਡ-2 ਸਤਿਆ ਨਾਰਾਇਣ ਵੱਲੋਂ ਦਿੱਤੀ ਗਈ। ਸੈਸ਼ਨ ਕਾਫ਼ੀ ਵਿਧੀਵਤ ਅਤੇ ਦਿਲਚਸਪ ਰਿਹਾ, ਜਿਸ ਵਿੱਚ ਜਨਗਣਨਾ 2027 ਵਿੱਚ ਅਧਿਕਾਰੀਆਂ ਦੀ ਭੂਮਿਕਾ, ਕਾਨੂੰਨੀ ਪ੍ਰਾਵਧਾਨ, ਹਾਊਸ ਲਿਸਟਿੰਗ ਓਪਰੇਸ਼ਨ ਸ਼ੈਡਿਊਲ ਅਤੇ ਸੀ ਐਮ ਐਮ ਐਸ ਮਾਡਿਊਲਾਂ, ਜਿਸ ਵਿੱਚ ਐਚ ਐਲ ਓ ਪ੍ਰਬੰਧਨ ਅਤੇ ਨਿਗਰਾਨੀ ਸ਼ਾਮਲ ਹਨ, ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਵਾਰ ਦੀ ਜਨਗਣਨਾ ਦਾ ਨਾਅਰਾ ਹੈ “ਜਨਗਣਨਾ ਸੇ ਜਨਕਲਿਆਣ”।
ਟ੍ਰੇਨਿੰਗ ਦੌਰਾਨ, ਆਉਣ ਵਾਲੀ ਜਨਗਣਨਾ ਲਈ ਵਰਤੀ ਜਾਣ ਵਾਲੀ ਵਿਧੀ ਅਤੇ ਘਰ-ਸੂਚੀਕਰਨ ਫ਼ੀਲਡ ਵਰਕ ਦੀਆਂ ਨਿਰਧਾਰਤ ਤਾਰੀਖਾਂ 15 ਮਈ ਤੋਂ 13 ਜੂਨ 2026 ਅਤੇ 'ਸੈਲਫ ਐਨਯੂਮੇਰੇਸ਼ਨ' (ਸਵੈ-ਗਣਨਾ) ਦੀ ਸਮਾਂ ਸਾਰਣੀ 30 ਅਪ੍ਰੈਲ ਤੋਂ 14 ਮਈ 2026 ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਹ ਵੀ ਜ਼ਿਕਰਯੋਗ ਹੈ ਕਿ ਪਿੰਡਾਂ ਵਿੱਚ ਜਨਗਣਨਾ ਲਈ ਤਹਿਸੀਲਦਾਰਾਂ ਨੂੰ ਚਾਰਜ ਅਫ਼ਸਰ ਬਣਾਇਆ ਗਿਆ ਹੈ, ਜਦਕਿ ਸ਼ਹਿਰੀ ਖੇਤਰਾਂ ਵਿੱਚ ਮਿਊਂਸਿਪਲ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਵਿੱਚ ਆਉਣ ਵਾਲੇ ਖੇਤਰਾਂ ਲਈ ਈ.ਓ. ਅਤੇ ਨਿਗਮ ਅਧਿਕਾਰੀ ਇਹ ਜ਼ਿੰਮੇਵਾਰੀ ਨਿਭਾਉਣਗੇ।
ਜ਼ਿਲ੍ਹੇ ਤੋਂ ਦੋ ਮਾਸਟਰ ਟ੍ਰੇਨਰ ਚੰਡੀਗੜ੍ਹ ਵਿੱਚ ਟ੍ਰੇਨਿੰਗ ਲਈ ਚੁਣੇ ਗਏ ਹਨ, ਜੋ ਅੱਗੇ 56 ਫ਼ੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਦੇਣਗੇ। ਇਸ ਤਰ੍ਹਾਂ ਟ੍ਰੇਨਿੰਗ ਦੀ ਲੜੀ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ ਨਾਲ ਪੂਰੀ ਕੀਤੀ ਜਾਵੇਗੀ।
ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਮਿਊਂਸਿਪਲ ਕਾਰਪੋਰੇਸ਼ਨ ਮੋਹਾਲੀ ਦੇ ਜੋਇੰਟ ਕਮਿਸ਼ਨਰ ਜਸਜੀਤ ਸਿੰਘ, ਜ਼ਿਲ੍ਹੇ ਦੇ ਤਹਿਸੀਲਦਾਰ, ਈ.ਓ. ਅਤੇ ਹੋਰ ਅਧਿਕਾਰੀਆਂ ਦੇ ਨਾਲ ਕਾਰਜਕਾਰੀ ਉਪ ਅਰਥ ਅੰਕੜਾ ਸਲਾਹਕਾਰ ਰਣਜੀਤ ਸਿੰਘ ਵੀ ਸ਼ਾਮਲ ਸਨ।