ਵਿਆਹੁਤਾ ਦੀ ਮੌਤ ਦੇ ਮਾਮਲੇ ਵਿੱਚ ਪਤੀ ਅਤੇ ਸੱਸ ਦੇ ਖਿਲਾਫ ਮਾਮਲਾ ਦਰਜ
ਐਸ ਏ ਐਸ ਨਗਰ, 14 ਮਈ - ਸਥਾਨਕ ਫੇਜ਼ 1 ਦੀ ਵਸਨੀਕ ਨਵਨੀਤ ਕੌਰ ਦੀ ਉਸਦੇ ਸਹੁਰੇ ਘਰ ਕੁਰਾਲੀ ਵਿਖੇ ਹੋਈ ਮੌਤ ਦੇ ਮਾਮਲੇ ਵਿੱਚ ਕੁਰਾਲੀ ਪੁਲੀਸ ਵਲੋਂ ਨਵਨੀਤ ਕੌਰ ਦੇ ਪਿਤਾ ਰਣਜੀਤ ਸਿੰਘ ਦੀ ਸ਼ਿਕਾਇਤ ਤੇ ਮ੍ਰਿਤਕਾ ਦੇ ਪਤੀ ਕੁਲਜਿੰਦਰ ਅਤੇ ਸੱਸ ਅਮਰਜੀਤ ਕੌਰ ਦੇ ਖਿਲਾਫ ਆਈ ਪੀ ਸੀ ਦੀ ਧਾਰਾ 306, 34 ਅਧੀਨ ਮਾਮਲਾ ਦਰਜ ਕੀਤਾ ਹੈ।
ਸz. ਰਣਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਕਾਇਤ ਵਿੱਚ ਕਿਹਾ ਹੈ ਕਿ ਉਹਨਾਂ ਦੀ ਪੁੱਤਰੀ ਨਵਨੀਤ ਕੌਰ (ਉਮਰ 26 ਸਾਲ) ਦਾ ਵਿਆਹ ਨਵੰਬਰ 2022 ਵਿੱਚ ਕੁਲਜਿੰਦਰ ਸਿੰਘ ਵਾਸੀ ਵਾਰਡ ਨੰਬਰ 7 ਐਮ ਡੀ ਕਲੋਨੀ ਚੰਡੀਗੜ੍ਹ ਰੋਡ ਕੁਰਾਲੀ ਦੇ ਨਾਲ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਸੀ। ਕੁਲਜਿੰਦਰ 2016 ਤੋਂ ਆਸਟਰੇਲੀਆ ਗਿਆ ਹੋਇਆ ਸੀ ਜਿਸ ਨੇ ਵਿਆਹ ਸਮੇਂ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਵਿਆਹ ਤੋਂ ਕੁਝ ਸਮੇਂ ਬਾਅਦ ਲੜਕੀ ਨਵਨੀਤ ਨੂੰ ਵਿਦੇਸ਼ ਆਸਟਰੇਲੀਆ ਲੈ ਜਾਵੇਗਾ ਪਰ ਕੁਲਜਿੰਦਰ ਨੇ ਨਵਨੀਤ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਉਸ ਨਾਲ ਕੋਰਟ ਮੈਰਿਜ ਨਹੀਂ ਕਰਵਾਈ ਸੀ।
ਉਹਨਾਂ ਪੁਲੀਸ ਨੂੰ ਦੱਸਿਆ ਕਿ ਨਵਨੀਤ ਵਿਆਹ ਤੋਂ ਬਾਅਦ ਸਰਸਵਤੀ ਨਰਸਿੰਗ ਕਾਲਜ ਘੜੂੰਆਂ ਵਿਖੇ ਲੈਕਚਰਾਰ ਲੱਗ ਗਈ ਸੀ। ਇਸ ਦੌਰਾਨ ਕੁਲਜਿੰਦਰ ਵਿਆਹ ਤੋਂ ਬਾਅਦ (2023 ਵਿੱਚ) ਇੰਡੀਆ ਆਇਆ ਸੀ ਅਤੇ ਉਸਨੇ ਨਵਨੀਤ ਨੂੰ ਫੇਸਬੁੱਕ, ਇੰਸਟਾਗ੍ਰਾਮ ਐਪ ਚਲਾਉਣ ਤੋਂ ਰੋਕਿਆ ਸੀ ਅਤੇ ਨਵਨੀਤ ਨੂੰ ਇਹ ਵੀ ਕਿਹਾ ਸੀ ਕਿ ਕਾਲਜ ਵਿੱਚ ਕਿਸੇ ਨੂੰ ਆਪਣੇ ਵਿਆਹ ਬਾਰੇ ਨਾ ਦੱਸੇ। ਉਹਨਾਂ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹਨਾਂ ਦਾ ਜਵਾਈ ਅਤੇ ਉਸ ਦੀ ਮਾਂ ਨਵਨੀਤ ਨੂੰ ਨੌਕਰੀ ਛੱਡਣ ਲਈ ਕਹਿੰਦੀ ਸੀ ਅਤੇ ਨਵਨੀਤ ਨੇ ਉਹਨਾਂ ਨੂੰ ਕਿਹਾ ਸੀ ਕਿ ਜਦੋਂ ਉਸਦਾ ਵਿਦੇਸ਼ ਆਸਟਰੇਲੀਆ ਦਾ ਕੰਮ ਬਣ ਗਿਆ ਤਾਂ ਉਹ ਨੌਕਰੀ ਛੱਡ ਦੇਵੇਗੀ। ਉਹਨਾਂ ਕਿਹਾ ਹੈ ਕਿ ਨਵਨੀਤ ਵਲੋਂ ਨੌਕਰੀ ਛੱਡਣ ਤੋਂ ਨਾਂਹ ਕਰਨ ਤੇ ਉਸਦੇ ਪਤੀ ਅਤੇ ਸੱਸ ਨੇ ਉਸ ਨਾਲ ਲੜਾਈ ਝਗੜਾ ਵੀ ਕੀਤਾ ਸੀ। ਇਸ ਬਾਰੇ ਨਵਨੀਤ ਵਲੋਂ ਉਹਨਾਂ ਨੂੰ ਦੱਸਣ ਤੇ ਉਹ ਆਪਣੇ ਬੇਟੇ ਦੇ ਨਾਲ ਕੁਰਾਲੀ ਗਏ ਸੀ ਅਤੇ ਨਵਨੀਤ ਨੇ ਕਿਹਾ ਸੀ ਕਿ ਉਹ ਉਸਨੂੰ ਆਪਣੇ ਨਾਲ ਲੈ ਜਾਣ ਪਰੰਤੂ ਉਸਦੀ ਸੱਸ ਨੇ ਇਹ ਕਹਿ ਕੇ ਨਵਨੀਤ ਨੂੰ ਰੋਕਿਆ ਸੀ ਕਿ ਉਹ ਉਸਨੂੰ ਨੌਕਰੀ ਛੱਡਣ ਵਾਸਤੇ ਮਜਬੂਰ ਨਹੀਂ ਕਰੇਗੀ।
ਉਹਨਾਂ ਦੱਸਿਆ ਕਿ ਉਹਨਾਂ ਦਾ ਜਵਾਈ ਆਪਣੀ ਛੁੱਟੀ ਕੱਟ ਕੇ ਵਾਪਸ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਨਵਨੀਤ ਦੀ ਸੱਸ ਅਮਰਜੀਤ ਕੌਰ ਨਵਨੀਤ ਨੂੰ ਦੁਬਾਰਾ ਨੌਕਰੀ ਛੱਡਣ ਵਾਸਤੇ ਤੰਗ ਪਰੇਸ਼ਾਨ ਕਰਨ ਲੱਗ ਪਈ। ਜਦੋਂ ਨਵਨੀਤ ਨੇ ਫੋਨ ਤੇ ਕੁਲਜਿੰਦਰ ਨੂੰ ਇਸ ਬਾਰੇ ਦੱਸਿਆ ਤਾਂ ਉਸਨੇ ਵੀ ਉਸਨੂੰ ਬੁਰਾ ਭਲਾ ਕਿਹਾ। ਉਹਨਾਂ ਇਲਜਾਮ ਲਗਾਇਆ ਕਿ ਪਿਛਲੇ ਕਈ ਦਿਨਾਂ ਤੋਂ ਨਵਨੀਤ ਦੀ ਸੱਸ ਅਮਰਜੀਤ ਕੌਰ ਉਸਨੂੰ ਬਿਨਾਂ ਕਿਸੇ ਗੱਲ ਤੋਂ ਟਾਰਚਰ ਕਰਦੀ ਸੀ ਅਤੇ ਕੁਲਜਿੰਦਰ ਵੀ ਉਸਨੂੰ ਫੋਨ ਤੇ ਬੁਰਾ ਭਲਾ ਕਹਿੰਦਾ ਸੀ।
ਉਹਨਾਂ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੱਲ ਸਵੇਰੇ 7 ਵਜੇ ਨਵਨੀਤ ਦੀ ਸੱਸ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਨਵਨੀਤ ਆਪਣੇ ਕਮਰੇ ਵਿੱਚ ਸੁੱਤੀ ਪਈ ਹੈ ਅਤੇ ਦਰਵਾਜਾ ਖੜਕਾਉਣ ਤੇ ਦਰਵਾਜਾ ਨਹੀਂ ਖੋਲ੍ਹ ਰਹੀ। ਫਿਰ ਦੁਬਾਰਾ ਨਵਨੀਤ ਦੀ ਸੱਸ ਦਾ ਫੋਨ ਆਇਆ ਕਿ ਉਸਨੇ ਪੱਖੇ ਦੇ ਨਾਲ ਫਾਹਾ ਲੈ ਲਿਆ ਹੈ। ਉਹਨਾਂ ਲਿਖਿਆ ਹੈ ਕਿ ਜਦੋਂ ਨਵਨੀਤ ਦਾ ਭਰਾ ਦਿਲਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਕੁਰਾਲੀ ਪੁੱਜੇ ਨਵਨੀਤ ਨੂੰ ਬੈਡ ਤੇ ਪਾਇਆ ਹੋਇਆ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
