ਸਰਮਾਏਦਾਰੀ ਕਾਰਨ ਮਨੁੱਖੀ ਕਦਰਾਂ ਕੀਮਤਾਂ ਤਬਾਹ ਹੋ ਰਹੀਆਂ ਹਨ ਤਰਕਸ਼ੀਲ ਸੂਬਾ ਆਗੂ ਰਜਿੰਦਰ ਭਦੌੜ
ਪਟਿਆਲਾ, 6 ਸਤੰਬਰ:- ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪਟਿਆਲਾ ਇਕਾਈ ਦੀ ਇਕ ਅਹਿਮ ਮੀਟਿੰਗ ਬੰਗ ਮੀਡੀਆ ਕੰਪਲੈਕਸ ਵਿੱਚ ਹੋਈ। ਜਿਸ ਵਿਚ ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਸ੍ਰੀ ਰਜਿੰਦਰ ਭਦੌੜ ਮੁੱਖ ਬੁਲਾਰੇ ਦੇ ਤੌਰ ਤੇ ਪਹੁੰਚੇ। ਇਸ ਭਰਵੀਂ ਮੀਟਿੰਗ ਵਿੱਚ ਐਡਵੋਕੇਟ ਰਾਜੀਵ ਲੋਹਟਬੱਦੀ, ਐਡਵੋਕੇਟ ਬਲਵੰਤ ਸਿੰਘ, ਭਗਵਾਨ ਸਿੰਘ, ਭੁਪਿੰਦਰ ਸਿੰਘ, ਜੋਨ ਆਗੂ ਬੀਬੀ ਕੁਲਵੰਤ ਕੌਰ, ਸਨੇਹ ਲਤਾ ਅਤੇ ਗੁਰਤੇਜ ਸਿੰਘ ਘਨੋਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਬੋਲਦਿਆਂ ਸ੍ਰੀ ਰਜਿੰਦਰ ਭਦੌੜ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਜਿੱਥੇ ਸਰਮਾਏਦਾਰੀ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ ਓਥੇ ਮਨੁੱਖੀ ਕਦਰਾਂ ਕੀਮਤਾਂ ਨਿਘਾਰ ਵੱਲ ਜਾ ਰਹੀਆਂ ਹਨ। ਮੌਜੂਦਾ ਸਰਕਾਰਾਂ ਲੋਕਾਂ ਦਾ ਪੱਖ ਪੂਰਨ ਦੀ ਥਾਂ ਵਡੇ ਧਨਾਡਾਂ ਦੀ ਪੁਸ਼ਤਪਨਾਹੀ ਕਰਦੀਆਂ ਨਜ਼ਰ ਆ ਰਹੀਆਂ ਹਨ ਅਤੇ ਨਵੀਂ ਤਕਨਾਲੋਜੀ ਹਰ ਖੇਤਰ ਵਿਚ ਕੰਮ ਕਰਨ ਦੇ ਮੌਕੇ ਤਬਾਹ ਕਰ ਰਹੀ ਹੈ। ਜਿਸ ਦਾ ਮਾਰੂ ਅਸਰ ਨੌਜਵਾਨ ਪੀੜ੍ਹੀ ਤੇ ਸਪਸ਼ਟ ਨਜ਼ਰ ਆ ਰਿਹਾ ਹੈ।
ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਸਮੇਂ ਦੇ ਪ੍ਰਭਾਵ ਤੋਂ ਬਚਣ ਲਈ ਅਗਾਂਹਵਧੂ ਤੇ ਚੇਤਨ ਲੋਕਾਂ ਨੂੰ ਆਮ ਖ਼ਲਕਤ ਦੀ ਯੋਗ ਅਗਵਾਈ ਕਰਨੀ ਚਾਹੀਦੀ ਹੈ ਤਾਂਕਿ ਲੋਕ
ਆਪਣੀ ਜ਼ਿੰਦਗੀ ਦਾ ਮੁੱਲਾਂਕਣ ਆਪ ਕਰਨ
ਅਤੇ ਸੰਘਰਸ਼ ਅਤੇ ਤਰਕਸ਼ੀਲਤਾ ਰਾਹੀਂ ਇਸ ਮਾਰੂ ਦੌਰ ਵਿਚੋਂ ਨਿਕਲਣ ਲਈ ਲਾਮ ਬੱਧ ਹੋਣ। ਉਨ੍ਹਾਂ ਕਿਹਾ ਕਿ ਬੇਲੋੜੀਆਂ ਰਸਮਾਂ ਰਿਵਾਜ਼ਾਂ ਤੇ ਪੈਸਾ ਬਰਬਾਦ ਕਰਨ ਦੀ ਥਾਂ ਤੇ ਲੋਕਾਂ ਅਤੇ ਵਿਸ਼ੇਸ਼ ਤੌਰ ਤੇ ਨੋਜਵਾਨਾਂ ਨੂੰ ਉਸਾਰੂ ਤੇ ਤਰਕਸ਼ੀਲ ਸਾਹਿਤ ਪੜ੍ਹਨਾ ਸਮੇਂ ਦੀ ਲੋੜ ਹੈ ਅਤੇ ਮੀਡੀਆ ਦੇ
ਬੁਰੇ ਪ੍ਰਭਾਵਾਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਚਾਹੀਦਾ ਹੈ। ਇਸ ਮੀਟਿੰਗ ਨੂੰ ਸ੍ਰੀ ਰਾਮ ਕੁਮਾਰ ਨੇ ਵੀ ਸੰਬੋਧਨ ਕੀਤਾ ਤੇ ਸਾਥੀ ਮਨਪ੍ਰੀਤ ਸਿੰਘ ਨੇ ਇਕ ਬਾ-ਤਰਨੁਮ ਲੋਕ ਗੀਤ ਪੇਸ਼ ਕੀਤਾ। ਇਸ ਸਮੇਂ ਜੋਨ ਮੀਡੀਆ ਆਗੂ ਰਾਮ ਸਿੰਘ ਬੰਗ, ਜਾਗਨ ਸਿੰਘ, ਗੁਰਬਚਨ ਸਿੰਘ, ਗੁਲਜ਼ਾਰ ਸਿੰਘ, ਚੰਦ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ, ਹਰਜਿੰਦਰ ਸਿੰਘ, ਮਨੋਜ ਘਈ, ਮਨਪ੍ਰੀਤ ਸਿੰਘ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।
