ਵੈਟਨਰੀ ਯੂਨੀਵਰਸਿਟੀ ਵਿਖੇ ਰੋਗਾਣੂਨਾਸ਼ਕ ਪ੍ਰਤੀਰੋਧ ਰੋਕਥਾਮ ਸੰਬੰਧੀ ਕਰਵਾਈ ਗਈ ਸਿਖਲਾਈ
ਲੁਧਿਆਣਾ 09 ਮਾਰਚ 2026- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ ‘ਰੋਗਾਣੂਨਾਸ਼ਕ ਪ੍ਰਤੀਰੋਧ ਰੋਕਥਾਮ ਅਤੇ ਵਨ ਹੈਲਥ ਨੂੰ ਉਤਸ਼ਾਹਿਤ ਕਰਨ ਲਈ ਵੈਟਨਰੀ ਡਾਕਟਰਾਂ ਦੇ ਪਸ਼ੂ ਸਿਹਤ ਅਭਿਆਸ ਨੂੰ ਬਿਹਤਰ ਕਰਨਾ’ ਵਿਸ਼ੇ ’ਤੇ ਦੋ ਦਿਨਾ ਸਮਰੱਥਾ ਉਸਾਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਸਿਖਲਾਈ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰ ਰਹੇ ਵੈਟਨਰੀ ਅਫ਼ਸਰਾਂ ਲਈ ਸੀ, ਜਿਸ ਨੂੰ ਏਸ਼ੀਅਨ ਡਿਵੈਲਪਮੈਂਟ ਬੈਂਕ ਅਤੇ ਜ਼ੈਨੇਕਸ ਇੰਡੀਆ ਵੱਲੋਂ ਸ਼ੁਰੂ ਕੀਤੇ ਗਏ ਇਕ ਪ੍ਰਾਜੈਕਟ ਦੇ ਤਹਿਤ ਕਰਵਾਇਆ ਗਿਆ ਸੀ।
ਸੈਂਟਰ ਫਾਰ ਵਨ ਹੈਲਥ ਦੇ ਨਿਰਦੇਸ਼ਕ, ਡਾ. ਜਸਬੀਰ ਸਿੰਘ ਬੇਦੀ ਨੇ ਪ੍ਰਤੀਭਾਗੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵੈਟਨਰੀ ਪੇਸ਼ੇਵਰ, ਜਾਨਵਰਾਂ ਦੇ ਨਾਲ-ਨਾਲ ਜਨਤਕ ਸਿਹਤ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰੋਗਾਣੂਨਾਸ਼ਕ ਪ੍ਰਤੀਰੋਧ ਦੀ ਵਧਦੀ ਆਲਮੀ ਚਿੰਤਾ ਨੂੰ ਵੇਖਦੇ ਹੋਏ ਉਨ੍ਹਾਂ ਨੇ ਜਾਨਵਰਾਂ ਵਿੱਚ ਐਂਟੀਬਾਇਓਟਿਕ ਦਵਾਈਆਂ ਦੀ ਸਮਝਦਾਰ ਅਤੇ ਸੀਮਤ ਵਰਤੋਂ ਸੰਬੰਧੀ ਚਾਨਣਾ ਪਾਇਆ।
ਡਾ. ਦੀਪਾਲੀ ਕਲੰਭੇ, ਪ੍ਰਬੰਧਕੀ ਸਕੱਤਰ ਨੇ ਪ੍ਰਤੀਭਾਗੀਆਂ ਨੂੰ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰ ਹੋਣ ਵਾਲੀਆਂ ਪ੍ਰਮੁੱਖ ਬਿਮਾਰੀਆਂ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਰੋਕਥਾਮ ਤੇ ਨਿਯੰਤਰਣ ਰਣਨੀਤੀਆਂ ਸੰਬੰਧੀ ਚਰਚਾ ਕੀਤੀ। ਉਨ੍ਹਾਂ ਨੇ ਇਸ ਕੰਮ ਲਈ ਪੇਸ਼ੇਵਰਾਂ ਦੀ ਭੂਮਿਕਾ, ਬਿਮਾਰੀਆਂ ਦੀ ਰੋਕਥਾਮ, ਟੀਕਾਕਰਨ, ਚੰਗੇ ਫਾਰਮ ਪ੍ਰਬੰਧਨ ਅਭਿਆਸਾਂ, ਜੈਵਿਕ ਸੁਰੱਖਿਆ ਅਤੇ ਪਸ਼ੂਆਂ/ਜਾਨਵਰਾਂ ਦੀ ਸਾਂਭ ਸੰਭਾਲ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਸਮਾਪਨ ਸਮਾਰੋਹ ਦੀ ਸੋਭਾ ਵਧਾਈ ਅਤੇ ਸੈਂਟਰ ਫਾਰ ਵਨ ਹੈਲਥ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾ ਕਿਹਾ ਕਿ ਸਾਨੂੰ ਵਿਸ਼ਵ ਪੱਧਰ ’ਤੇ ਪੈਦਾ ਹੋ ਰਹੀਆਂ ਅਜਿਹੀਆਂ ਸਿਹਤ ਚੁਣੌਤੀਆਂ ਨੂੰ ਹੱਲ ਕਰਨ, ਟਿਕਾਊ ਪਸ਼ੂ ਉਤਪਾਦਨ ਅਤੇ ਵਿਗਿਆਨਕ ਅਭਿਆਸਾਂ ਦੀ ਨਿਰੰਤਰ ਸਿੱਖਿਆ ਜਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਪੇਸ਼ੇਵਰਾਂ ਵਿੱਚ ਜਾਗਰੂਕਤਾ ਅਤੇ ਬਚਾਅ ਵਿਧੀਆਂ ਸੰਬੰਧੀ ਗਿਆਨ ਮੁਹੱਈਆ ਕੀਤਾ ਜਾ ਸਕੇ।
