ਅਧਿਆਪਕਾਂ ਲਈ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ ਦਾ ਆਯੋਜਨ
ਐਸ ਏ ਐਸ ਨਗਰ, 13 ਅਕਤੂਬਰ- ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 69 ਵਿਖੇ ਅਧਿਆਪਕਾਂ ਲਈ ਸੀਬੀਐਸਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਵਰਕਸ਼ਾਪ ਦਾ ਕੇਂਦਰੀ ਵਿਸ਼ਾ ‘ਵਿਦਿਆਰਥੀਆਂ ਵਿੱਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਕੈਪੈਸਿਟੀ ਬਿਲਡਿੰਗ ਪ੍ਰੋਗਰਾਮ’ ਸੀ।
ਸਕੂਲ ਕੈਂਪਸ ਵਿੱਚ ਆਯੋਜਿਤ ਇਸ ਸੈਸ਼ਨ ਵਿੱਚ 50 ਤੋਂ ਵੱਧ ਅਧਿਆਪਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਅਗਵਾਈ ਡਾ. ਸੀਮਾ ਦੁੱਤ ਅਤੇ ਸੁਨੀਤਾ ਕੁਮਾਰੀ ਨੇ ਕੀਤੀ, ਜਿਨ੍ਹਾਂ ਨੇ ਆਪਣੇ ਦੂਰਅੰਦੇਸ਼ੀ ਵਿਚਾਰਾਂ ਨਾਲ ਅਧਿਆਪਕਾਂ ਨੂੰ ਭਵਿੱਖ ਦੀਆਂ ਵਿਦਿਅਕ ਲੋੜਾਂ ਬਾਰੇ ਜਾਗਰੂਕ ਕੀਤਾ। ਵਰਕਸ਼ਾਪ ਵਿੱਚ ਕਈ ਮੁੱਖ ਖੇਤਰਾਂ ’ਤੇ ਵਿਸਤ੍ਰਿਤ ਚਰਚਾ ਅਤੇ ਸਿਖਲਾਈ ਦਿੱਤੀ ਗਈ।
ਜਿਸ ਵਿੱਚ ਤਣਾਅ ਪ੍ਰਬੰਧਨ ਲਈ ਵਿਦਿਆਰਥੀਆਂ ਨੂੰ ਇਮਤਿਹਾਨਾਂ ਅਤੇ ਸਮਾਜਿਕ ਦਬਾਅ ਨਾਲ ਨਜਿੱਠਣ ਵਿੱਚ ਮਦਦ ਕਰਨ ਦੇ ਤਰੀਕੇ ਸਾਂਝੇ ਕੀਤੇ ਗਏ। ਵਰਕਸ਼ਾਪ ਦੀ ਸਮਾਪਤੀ ’ਤੇ ਪ੍ਰਿੰਸੀਪਲ ਪ੍ਰੀਨੀਤ ਸੋਹਲ ਨੇ ਕਿਹਾ ਕਿ ਇਹ ਵਰਕਸ਼ਾਪ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਨੂੰ ਸੰਭਾਲਣ ਲਈ ਜ਼ਰੂਰੀ ਹਥਿਆਰ ਪ੍ਰਦਾਨ ਕਰਦੀ ਹੈ।
