ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 26 ਨੂੰ ਭਾਰਤ ਆਉਣਗੇ ਮੋਦੀ ਨਾਲ ਹੋਵੇਗੀ ਮੁਲਾਕਾਤ
ਓਟਵਾ/ਨਵੀਂ ਦਿੱਲੀ:- ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ 26 ਫਰਵਰੀ ਤੋਂ 7 ਮਾਰਚ ਤੱਕ ਭਾਰਤ, ਆਸਟਰੇਲੀਆ ਅਤੇ ਜਪਾਨ ਦਾ ਦੌਰਾ ਕਰਨਗੇ। ਕਾਰਨੀ ਦੇ ਦਫ਼ਤਰ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ, ਇਸ ਦੌਰੇ ਦਾ ਮੁੱਖ ਉਦੇਸ਼ ਵਪਾਰ, ਊਰਜਾ, ਤਕਨਾਲੋਜੀ ਅਤੇ ਰੱਖਿਆ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਜਸਟਿਨ ਟਰੂਡੋ ਤੋਂ ਬਾਅਦ ਅਹੁਦਾ ਸੰਭਾਲਣ ਮਗਰੋਂ ਕਾਰਨੀ ਦੀ ਇਹ ਪਹਿਲੀ ਭਾਰਤ ਫੇਰੀ ਹੋਵੇਗੀ।
ਪ੍ਰਧਾਨ ਮੰਤਰੀ ਕਾਰਨੀ ਆਪਣੀ ਭਾਰਤ ਫੇਰੀ ਦੀ ਸ਼ੁਰੂਆਤ ਮੁੰਬਈ ਤੋਂ ਕਰਨਗੇ, ਜਿਸ ਤੋਂ ਬਾਅਦ ਉਹ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਆਗੂ ਭਾਰਤ-ਕੈਨੇਡਾ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਵਪਾਰ, ਮਸਨੂਈ ਬੁੱਧੀ, ਸੱਭਿਆਚਾਰ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਅਹਿਮ ਸਮਝੌਤਿਆਂ 'ਤੇ ਚਰਚਾ ਕਰਨਗੇ।
ਕਾਰਨੀ ਭਾਰਤ ਦੇ ਕਾਰੋਬਾਰੀ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ ਤਾਂ ਜੋ ਕੈਨੇਡਾ ਵਿੱਚ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ। ਕਾਰਨੀ ਨੇ ਕਿਹਾ, "ਅਨਿਸ਼ਚਿਤਤਾ ਦੇ ਦੌਰ ਵਿੱਚ ਕੈਨੇਡਾ ਆਪਣੇ ਵਪਾਰ ਵਿੱਚ ਵਿਭਿੰਨਤਾ ਲਿਆਉਣ ਅਤੇ ਨਵਾਂ ਨਿਵੇਸ਼ ਖਿੱਚਣ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਅਸੀਂ ਆਪਣੇ ਦੇਸ਼ ਦੀ ਖੁਸ਼ਹਾਲੀ ਅਤੇ ਸੁਰੱਖਿਆ ਲਈ ਵਿਦੇਸ਼ਾਂ ਵਿੱਚ ਨਵੀਆਂ ਭਾਈਵਾਲੀਆਂ ਗੰਢ ਰਹੇ ਹਾਂ।"
