ਨਿਤੀਸ਼ ਤੇ ਨਾਇਡੂ ਨੂੰ ਬੁਲਾਓ ਤੇ ਔਰੰਗਜ਼ੇਬ ਦਾ ਮਕਬਰਾ ਢਾਹ ਦਿਓ: ਊਧਵ ਠਾਕਰੇ
ਮੁੰਬਈ, 18 ਮਾਰਚ- ਸ਼ਿਵ ਸੈਨਾ (ਯੂਬੀਟੀ) ਆਗੂ ਊਧਵ ਠਾਕਰੇ ਨੇ ‘400 ਸਾਲ ਪੁਰਾਣਾ ਮੁੱਦਾ’ ਚੁੱਕਣ ਲਈ ਭਾਜਪਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ, ‘ਔਰੰਗਜ਼ੇਬ ਦਾ ਮਕਬਰਾ ਤੁਰੰਤ ਢਾਹ ਦਿਓ ਪਰ ਜਦੋਂ ਅਜਿਹਾ ਹੋ ਰਿਹਾ ਹੋਵੇ, ਉਦੋਂ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਨੂੰ ਬੁਲਾ ਲਓ।’
ਨਿਰੀਖਕਾਂ ਦਾ ਕਹਿਣਾ ਹੈ ਕਿ ਊਧਵ ਠਾਕਰੇ ਦਾ ਇਸ਼ਾਰਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਡੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਲਈ ਮੁਸਲਿਮ ਵੋਟਾਂ ਦੀ ਮਹੱਤਤਾ ਵੱਲ ਹੈ।
ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਜੱਦੀ ਸ਼ਹਿਰ ਨਾਗਪੁਰ ’ਚ ਔਰੰਗਜ਼ੇਬ ਦੇ ਮਕਬਰੇ ਵਿਰੁੱਧ ਪ੍ਰਦਰਸ਼ਨਾਂ ਤੋਂ ਬਾਅਦ ਹਿੰਸਾ ਭੜਕਣ ਤੋਂ ਇੱਕ ਦਿਨ ਬਾਅਦ ਵਿਧਾਨ ਭਵਨ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਠਾਕਰੇ ਨੇ ਕਿਹਾ, ‘ਜੇ ਭਾਜਪਾ ਨੂੰ ਹਰੇ ਰੰਗ ਨਾਲ ਕੋਈ ਸਮੱਸਿਆ ਹੈ ਤਾਂ ਉਸ ਨੂੰ ਆਪਣੇ ਝੰਡੇ ਤੋਂ ਹਰਾ ਰੰਗ ਹਟਾਉਣਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਤੁਸੀਂ ਸਾਡੀ ਪਾਰਟੀ ਦੇ ਭਗਵੇ ਝੰਡੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਾਨੂੰ ਹਿੰਦੂਤਵ ਸਿਖਾਉਣ ਦੀ ਕੋਸ਼ਿਸ਼ ਕੀਤੀ।’
ਠਾਕਰੇ ਨੇ ਕਿਹਾ ਕਿ ਔਰੰਗਜ਼ੇਬ ਦਾ ਜਨਮ ਗੁਜਰਾਤ ਵਿੱਚ ਹੋਇਆ ਸੀ ਅਤੇ ਮਹਾਰਾਸ਼ਟਰ ਵਿੱਚ ਉਸ ਦੀ ਮੌਤ ਹੋਈ ਸੀ। ਸ਼ਿਵ ਸੈਨਾ (ਯੂਬੀਟੀ) ਆਗੂ ਆਦਿਤਿਆ ਠਾਕਰੇ ਨੇ ਕਿਹਾ, ‘ਅਫਸੋਸ ਦੀ ਗੱਲ ਹੈ ਕਿ ਜਦੋਂ ਭਾਜਪਾ ਸ਼ਾਸਨ ਨਹੀਂ ਕਰ ਸਕਦੀ ਤਾਂ ਉਹ ਹਿੰਸਾ ਅਤੇ ਦੰਗਿਆਂ ਦਾ ਸਹਾਰਾ ਲੈਂਦੀ ਹੈ। ਇਹ ਹਰ ਸੂਬੇ ਵਿੱਚ ਉਨ੍ਹਾਂ ਦਾ ਤੈਅ ਫਾਰਮੂਲਾ ਹੈ।’
ਉਨ੍ਹਾਂ ਭਾਜਪਾ ’ਤੇ ਸੂਬਾ ਸਰਕਾਰ ਦੀਆਂ ਅਸਫਲਤਾਵਾਂ ਤੋਂ ਧਿਆਨ ਭਟਕਾਉਣ ਲਈ ਮਕਬਰੇ ਦਾ ਵਿਵਾਦ ਸ਼ੁਰੂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਮਹਾਰਾਸ਼ਟਰ ਨੂੰ ਮਨੀਪੁਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
