ਬੂਥ ਅਤੇ ਬੇਸਮੈਂਟ ਐਸੋਸੀਏਸ਼ਨ ਦੇ ਵਫਦ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਨਾਲ ਮੁਲਾਕਾਤ
ਐਸ ਏ ਐਸ ਨਗਰ, 18 ਅਗਸਤ- ਬੂਥ ਅਤੇ ਬੇਸਮੈਂਟ ਐਸੋਸੀਏਸ਼ਨ ਦਾ ਇਕ ਵਫਦ ਸੰਸਥਾ ਦੇ ਪ੍ਰਧਾਨ ਸ੍ਰੀ ਸਰਬਜੀਤ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਹਲਕਾ ਵਿਧਾਇਕ ਸ੍ਰੀ ਕੁਲਵੰਤ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਗਮਾਡਾ ਤੋਂ ਬੂਥਾਂ ਅਤੇ ਬੇਸਮੈਂਟਾਂ ਦੀ ਉਪਰਲੀ ਮੰਜਿਲ ਦੀ ਇਜਾਜਤ ਦਿੱਤੀ ਜਾਵੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸਰਬਜੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਗਮਾਡਾ ਵੱਲੋਂ ਬੂਥਾਂ ਅਤੇ ਬੇਸਮੈਂਟਾਂ ਬਾਰੇ ਨਵੀਂ ਪਾਲਸੀ ਬਣਾਈ ਜਾਣੀ ਹੈ ਅਤੇ ਇਸ ਵਾਸਤੇ ਗਮਾਡਾ ਵੱਲੋਂ ਦੁਕਾਨਦਾਰਾਂ ਤੋਂ ਸੁਝਾਅ ਮੰਗੇ ਗਏ ਸੀ, ਜਿਸ ਦੌਰਾਨ ਮੁਹਾਲੀ ਦੇ 50 ਦੇ ਕਰੀਬ ਦੁਕਾਨਦਾਰਾਂ ਵੱਲੋਂ ਗਮਾਡਾ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਇਹਨਾਂ ਦੁਕਾਨਾਂ ਦੀ ਉਪਰਲੀ ਮੰਜਿਲ ਦੀ ਉਸਾਰੀ ਦੀ ਇਜਾਜਤ ਦਿੱਤੀ ਜਾਵੇ ਅਤੇ ਜੇਕਰ ਗਮਾਡਾ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਗਮਾਡਾ ਨੂੰ ਫੀਸ ਦੇ ਰੂਪ ਵਿੱਚ ਵੱਡੀ ਰਕਮ ਹਾਸਿਲ ਹੋ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਹਲਕਾ ਵਿਧਾਇਕ ਸ੍ਰੀ ਕੁਲਵੰਤ ਸਿੰਘ ਨੂੰ ਇਸ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਸ੍ਰੀ ਕੁਲਵੰਤ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਹ ਇਸ ਸੰਬੰਧੀ ਸਰਕਾਰ ਤੱਕ ਪਹੁੰਚ ਕਰਕੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਯਕੀਨੀ ਕਰਨਗੇ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਵਪਾਰ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਐਮ.ਪੀ.ਸੀ.ਏ. ਦੇ ਸਾਬਕਾ ਪ੍ਰਧਾਨ ਡੀ.ਐਸ. ਬੇਨੀਪਾਲ, ਫੇਜ 7 ਬੂਥ ਮਾਰਕੀਟ ਦੇ ਪ੍ਰਧਾਨ ਹਰਲੀਨ ਸਿੰਘ ਸੇਠੀ, ਰਾਜੀਵ ਟੰਡਨ, ਅਸ਼ੋਕ ਨਾਰੰਗ ਅਤੇ ਵਿਕਾਸ ਕੁਮਾਰ ਵੀ ਸ਼ਾਮਿਲ ਸਨ।
