ਖਾਲਸਾ ਕਾਲਜੀਏਟ ਸਕੂਲ ਵਿੱਚ ਕੈਨਵਸ 2025 ਸਮਾਰੋਹ ਵਿੱਚ ਪੁਸਤਕ ਵਿਕਰੀ ਪ੍ਰਦਰਸ਼ਨੀ 18 ਨਵੰਬਰ ਨੂੰ
ਹੁਸ਼ਿਆਰਪੁਰ:- ਵਿਦਿਆਰਥੀਆਂ ਦੀਆਂ ਸਾਹਿਤਿਕ,ਕਲਾਤਮਕ ਅਤੇ ਸਭਿਆਚਾਰਿਕ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕੈਂਪਸ ਵਿੱਚ ਚਲਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਸੀਨੀਅਰ ਸੈਕੈੰਡਰੀ ਸਕੂਲ ਵਿੱਚ ਕੈਨਵਸ 2025 ਤਹਿਤ ਮਿਤੀ 18 ਨਵੰਬਰ ਨੂੰ ਵਿਸ਼ੇਸ਼ ਪ੍ਰਤੀਯੋਗਤਾ ਸਮਾਰੋਹ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਇਲਾਕੇ ਦੇ ਕਰੀਬ 20 ਸਕੂਲਾਂ ਦੇ ਵਿਦਿਆਰਥੀ ਵੱਖ-ਵੱਖ ਸਿਰਜਣਾਤਮਿਕ ਮੁਕਾਬਲਿਆਂ ਵਿੱਚ ਸ਼ਿਰਕਤ ਕਰ ਰਹੇ ਹਨ। ਉਨਾਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੂੰ ਉਸਾਰੂ ਸਾਹਿਤ ਨਾਲ ਜੋੜਨ ਦੇ ਉਦੇਸ਼ ਅਧੀਨ ਤਿੰਨ ਪੁਸਤਕ ਵਿਕਰੇਤਾਵਾਂ ਵੱਲੋਂ ਰਿਆਇਤੀ ਦਰਾਂ 'ਤੇ ਪੁਸਤਕ ਵਿਕਰੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ।
ਜਿਸ ਵਿੱਚ ਪੰਜਾਬ ਸਰਕਾਰ ਦੇ ਜ਼ਿਲ੍ਹਾ ਭਾਸ਼ਾ ਵਿਭਾਗ ਦੇ ਦਫਤਰ ਹੁਸ਼ਿਆਰਪੁਰ ਤੋਂ ਵੀ ਵਿਦਿਆਰਥੀਆਂ ਲਈ ਵਿਸ਼ੇਸ਼ ਪੁਸਤਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਮੌਕੇ ਵੱਖ-ਵੱਖ ਵਿਸ਼ਿਆਂ ਦੀਆਂ ਵੱਧ ਤੋਂ ਵੱਧ ਪੁਸਤਕਾਂ ਖਰੀਦਣ ਤੇ ਚੰਗੇ ਸਾਹਿਤ ਨਾਲ ਜੁੜਨ ਦੀ ਅਪੀਲ ਕੀਤੀ।
