ਸ਼ੱਕੀ ਹਾਲਤਾਂ ਵਿਚ ਨੌਜਵਾਨ ਦੀ ਲਾਸ਼ ਮਿਲੀ
ਅੰਬਾਲਾ:- ਅੰਬਾਲਾ ਸ਼ਹਿਰ ਦੀ ਜੱਗੀ ਕਾਲੋਨੀ ਫੇਜ਼-3 ਦੇ ਕਮਿਊਨਿਟੀ ਸੈਂਟਰ ਦੇ ਨੇੜੇ ਇੱਕ 35 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਜੱਗੀ ਕਾਲੋਨੀ ਦੇ ਰਹਿਣ ਵਾਲੇ ਅਨੁਰਾਗ ਰਾਣਾ ਵਜੋਂ ਹੋਈ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਮਾਂ ਸੁਸ਼ਮਾ ਨੇ ਬਲਦੇਵ ਨਗਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਅਨੁਰਾਗ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ। ਉਸ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ਵੀ ਭੇਜਿਆ ਗਿਆ ਸੀ ਅਤੇ ਉਹ 20 ਜਨਵਰੀ ਨੂੰ ਵਾਪਸ ਆਇਆ ਸੀ ਪਰ ਉਹ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਹੀਂ ਆ ਸਕਿਆ। 29 ਜਨਵਰੀ ਦੀ ਸ਼ਾਮ ਨੂੰ ਉਹ ਆਪਣੇ ਸਕੂਟਰ 'ਤੇ ਘਰੋਂ ਨਿਕਲਿਆ ਪਰ ਵਾਪਸ ਨਹੀਂ ਆਇਆ।
ਅਗਲੀ ਸਵੇਰ ਉਸ ਦੀ ਲਾਸ਼ ਜੱਗੀ ਕਾਲੋਨੀ ਦੇ ਕਮਿਊਨਿਟੀ ਸੈਂਟਰ ਕੋਲੋਂ ਮਿਲੀ ਜਿਸ ਤੋਂ ਬਾਅਦ ਹੰਗਾਮਾ ਮਚ ਗਿਆ। ਸ਼ੱਕ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਸੂਚਨਾ ਮਿਲਣ 'ਤੇ ਬਲਦੇਵ ਨਗਰ ਥਾਣੇ ਤੋਂ ਇੱਕ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਭੇਜ ਦਿੱਤਾ। ਪੁਲੀਸ ਨੂੰ ਘਟਨਾ ਸਥਾਨ ਤੋਂ ਇੱਕ ਟੀਕਾ ਅਤੇ ਇੱਕ ਪਾਣੀ ਦੀ ਬੋਤਲ ਬਰਾਮਦ ਹੋਈ ਹੈ।
ਮਾਂ ਦਾ ਦੋਸ਼ ਹੈ ਕਿ ਕਿਸੇ ਨੇ ਉਸ ਦੇ ਬੇਟੇ ਨੂੰ ਨਸ਼ੀਲੇ ਪਦਾਰਥ ਦੀ ਓਵਰਡੋਜ਼ ਦਿੱਤੀ ਹੈ ਜਿਸ ਨਾਲ ਉਸ ਦੀ ਮੌਤ ਹੋ ਗਈ।
