ਬੀਐਮਡਬਲਿਊ ਹਿੱਟ ਐਂਡ ਰਨ ਕੇਸ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਸੁਪਰੀਮ ਕੋਰਟ ਚ ਰੱਦ
ਨਵੀਂ ਦਿੱਲੀ:- ਸੋਮਵਾਰ ਨੂੰ ਮੁੰਬਈ ਦੇ ਬੀ.ਐਮ.ਡਬਲਿਊ ਹਿੱਟ ਐਂਡ ਰਨ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਮੁਲਜ਼ਮ ਮਿਹਿਰ ਸ਼ਾਹ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਖ਼ਤੀ ਨਾਲ ਕਿਹਾ ਕਿ ਅਜਿਹੇ ਮੁੰਡਿਆਂ ਨੂੰ ਸਬਕ ਸਿਖਾਉਣ ਦੀ ਲੋੜ ਹੈ। ਉੱਥੇ ਹੀ, ਅਦਾਲਤ ਨੇ ਇਹ ਵੀ ਕਿਹਾ ਕਿ ਇਸ ਘਟਨਾ ਲਈ ਮਾਤਾ-ਪਿਤਾ ਜ਼ਿੰਮੇਵਾਰ ਹਨ। ਅਸੀਂ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਵਿੱਚ ਅਸਫ਼ਲ ਹਾਂ। ਦਰਅਸਲ, ਜਸਟਿਸ ਦੀਪਾਂਕਰ ਦੱਤਾ ਅਤੇ ਏਜੀ ਮਸੀਹ ਦੀ ਬੈਂਚ ਮਿਹਿਰ ਸ਼ਾਹ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।
ਆਪਣੀ ਪਟੀਸ਼ਨ ਵਿੱਚ ਸ਼ਾਹ ਨੇ ਬੰਬੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਨੇ ਗੌਰ ਕੀਤਾ ਕਿ ਸ਼ਾਹ ਇੱਕ ਅਮੀਰ ਪਰਿਵਾਰ ਨਾਲ ਸਬੰਧਤ ਹੈ ਅਤੇ ਉਸਦੇ ਕਾਰੋਬਾਰੀ ਪਿਤਾ ਰਾਜੇਸ਼ ਸ਼ਾਹ ਮਹਾਰਾਸ਼ਟਰ ਵਿੱਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਸਾਬਕਾ ਆਗੂ ਹਨ।
ਸੁਣਵਾਈ ਦੌਰਾਨ ਦੋ ਜੱਜਾਂ ਦੇ ਬੈਂਚ ਨੇ ਮੁਲਜ਼ਮ ਦੇ ਆਚਰਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਕੀ ਕਰਦਾ ਹੈ, ਉਹ ਦੇਰ ਰਾਤ ਤੱਕ ਮਰਸਡੀਜ਼ ਵਿੱਚ ਘਰ ਆਉਂਦਾ ਹੈ, ਉਸਨੂੰ ਸ਼ੈੱਡ ਵਿੱਚ ਪਾਰਕ ਕਰਦਾ ਹੈ ਅਤੇ ਫਿਰ BMW ਲੈ ਕੇ ਨਿਕਲਦਾ ਹੈ, ਜਿਸਨੂੰ ਉਹ ਦੁਰਘਟਨਾਗ੍ਰਸਤ ਕਰ ਦਿੰਦਾ ਹੈ। ਇਸ ਮਾਮਲੇ ਵਿੱਚ ਉਸਨੂੰ ਅਜੇ ਕੁਝ ਹੋਰ ਦਿਨਾਂ ਤੱਕ ਜੇਲ੍ਹ ਵਿੱਚ ਹੀ ਰੱਖਿਆ ਜਾਣਾ ਚਾਹੀਦਾ ਹੈ।
ਕੀ ਹੈ ਪੂਰਾ ਮਾਮਲਾ ?
ਜ਼ਿਕਰਯੋਗ ਹੈ ਕਿ ਮਿਹਿਰ ਸ਼ਾਹ ਵੱਲੋਂ ਅੱਜ ਸੁਪਰੀਮ ਕੋਰਟ ਵਿੱਚ ਸੀਨੀਅਰ ਵਕੀਲ ਰੇਬੇਕਾ ਜੌਹਨ ਪੇਸ਼ ਹੋਈ ਸੀ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਮਾਮਲੇ ਵਿੱਚ ਕੁਝ ਤੱਥ ਕੁਝ ਹੱਦ ਤੱਕ ਨਾਖੁਸ਼ਗਵਾਰ ਹਨ। ਜੁਲਾਈ 2024 ਵਿੱਚ ਮੁੰਬਈ ਦੇ ਵਰਲੀ ਸੀ ਫੇਸ ਰੋਡ 'ਤੇ ਮਿਹਿਰ ਸ਼ਾਹ ਨੇ ਕਥਿਤ ਤੌਰ 'ਤੇ ਤੇਜ਼ ਰਫ਼ਤਾਰ ਗੱਡੀ ਚਲਾਈ ਅਤੇ ਉਸ ਕਾਰਨ ਇੱਕ ਸਕੂਟਰ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਵੀ ਮਿਹਿਰ ਰੁਕਿਆ ਨਹੀਂ, ਉਹ ਕਾਰ ਚਲਾਉਂਦਾ ਰਿਹਾ। ਹਾਦਸੇ ਵਿੱਚ ਸਕੂਟਰ ਚਲਾ ਰਹੇ ਪ੍ਰਦੀਪ ਨਖਵਾ ਬਚ ਗਏ, ਪਰ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ।
ਅੱਜ ਸੀਨੀਅਰ ਵਕੀਲ ਰੇਬੇਕਾ ਜੌਹਨ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਗਵਾਹਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਹਾਈ ਕੋਰਟ ਨੇ ਮਿਹਿਰ ਸ਼ਾਹ ਨੂੰ ਜ਼ਮਾਨਤ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਹਾਲਾਂਕਿ, ਬੈਂਚ ਨੇ ਸੁਝਾਅ ਦਿੱਤਾ ਕਿ ਅਜਿਹੀ ਸਥਿਤੀ ਵਿੱਚ ਤੁਸੀਂ ਜ਼ਮਾਨਤ ਪਟੀਸ਼ਨ ਵਾਪਸ ਲੈ ਸਕਦੇ ਹੋ।
