ਐਸਆਈਆਰ ਪ੍ਰੋਗਰਾਮ ਵਿਚ ਪਸੀਨਾ ਵਹਾ ਰਹੇ ਹਨ ਬੀਐਲਓ
ਅੰਬਾਲਾ, 26 ਜੂਨ:- ਅੰਬਾਲਾ ਵਿਚ ਐਸਆਈਆਰ ਪ੍ਰੋਗਰਾਮ ਦੇ ਤਹਿਤ ਬੂਥ ਲੈਵਲ ਅਫ਼ਸਰ (ਬੀਐਲਓ) ਵੋਟਰਾਂ ਨੂੰ ਗਿਣਤੀ ਫਾਰਮ ਮੁਹੱਈਆ ਕਰਵਾਉਣ ਪਸੀਨਾ ਵਹਾ ਰਹੇ ਹਨ। ਉਹ ਘਰ-ਘਰ ਜਾ ਕੇ ਹਰੇਕ ਵੋਟਰ ਨੂੰ ਸਹੀ ਅਤੇ ਸੰਪੂਰਨ ਜਾਣਕਾਰੀ ਨਾਲ ਆਪਣਾ ਫਾਰਮ ਭਰਨ ਵਿਚ ਪੂਰਾ ਸਹਿਯੋਗ ਦੇ ਰਹੇ ਹਨ।
ਅੱਜ ਅੰਬਾਲਾ ਕੈਂਟ ਦੀ ਟ੍ਰਿਬਿਊਨ ਕਾਲੋਨੀ ਵਿਚ ਬੀਐਲਓ ਸੁਨੀਤਾ ਕੌਸ਼ਲ ਨੂੰ ਕੰਮ ਕਰਦਿਆਂ ਵੇਖ ਕੇ ਮਹਿਸੂਸ ਹੋਇਆ ਕਿ ਬੀਐਲਓ ਵਾਕਿਆ ਹੀ ਸਖ਼ਤ ਮਿਹਨਤ ਕਰ ਰਹੇ ਹਨ। ਉਸ ਨੇ ਮੌਕੇ ਤੇ ਕਾਲੋਨੀ ਨਿਵਾਸੀਆਂ ਦੇ ਫਾਰਮ ਭਰਵਾਏ। ਉਸ ਨੇ ਦੱਸਿਆ ਕਿ ਅਜੇ ਮੈਪਿੰਗ ਚੱਲ ਰਹੀ ਹੈ ਅਤੇ ਉਸ ਤੋਂ ਬਾਅਦ ਵੋਟਰ ਸੂਚੀ ਦੀ ਸੁਚਾਰੂ ਸੋਧ ਕੀਤੀ ਜਾਵੇਗੀ। ਇਸ ਕੰਮ ਵਿਚ ਉਸ ਦਾ ਬੇਟਾ ਅਭਿਨਵ ਵੀ ਸਹਿਯੋਗ ਦੇ ਰਿਹਾ ਸੀ।
ਭਾਵੇਂ ਕੁਝ ਵਿਰੋਧੀ ਐਸਆਈਆਰ ਸਬੰਧੀ ਰੌਲਾ ਪਾ ਰਹੇ ਹਨ ਪਰੰਤੂ ਅੱਜ ਇਸ ਸਬੰਧੀ ਕੰਮ ਹੁੰਦਾ ਦੇਖ ਕੇ ਮਹਿਸੂਸ ਹੋਇਆ ਕਿ ਐਸਆਈਆਰ ਬਹੁਤ ਬੁੱਤ ਹੈ। ਸਬੰਧਿਤ ਕਾਲੋਨੀ ਵਿਚ ਹੀ ਅਜਿਹੇ ਵੋਟਰਾਂ ਦੇ ਨਾਂ ਸੰਨ 2002 ਵਾਲੀ ਸੂਚੀ ਵਿਚ ਹਨ ਜੋ ਜਾਂ ਤਾਂ ਦੁਨੀਆ ਤੋਂ ਚਲੇ ਗਏ ਹਨ ਜਾਂ ਫਿਰ ਸ਼ਹਿਰ ਛੱਡ ਗਏ ਹਨ। ਸੁਨੀਤਾ ਕੌਸ਼ਲ ਨੇ ਦੱਸਿਆ ਕਿ ਨਵੀਆਂ ਵੋਟਾਂ 1 ਜੁਲਾਈ ਤੋਂ ਬਾਅਦ ਬਣਨਗੀਆਂ।
ਦੂਜੇ ਪਾਸੇ ਐਸਡੀਐਮ ਦਰਸ਼ਨ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦਾ ਵਿਸ਼ੇਸ਼ ਤੀਬਰ ਸੋਧ (ਐਸਆਈਆਰ) ਪ੍ਰੋਗਰਾਮ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਯੋਗ ਵੋਟਰਾਂ ਨੂੰ ਗਿਣਤੀ ਫਾਰਮ ਭਰਨ ਅਤੇ ਬੀਐਲਓ ਨੂੰ ਜਮ੍ਹਾ ਕਰਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ। ਵੋਟਰ ਸਬੰਧਿਤ ਬੂਥਾਂ 'ਤੇ ਆਪਣੇ ਖ਼ੁਦ ਦੇ ਗਿਣਤੀ ਫਾਰਮ ਵੀ ਭਰ ਸਕਦੇ ਹਨ ਅਤੇ ਬੀਐਲਓ ਨੂੰ ਜਮ੍ਹਾ ਕਰਵਾ ਸਕਦੇ ਹਨ।
ਉਨ੍ਹਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਗਿਣਤੀ ਫਾਰਮ ਨੂੰ ਸਹੀ ਅਤੇ ਸੰਪੂਰਨ ਜਾਣਕਾਰੀ ਨਾਲ ਭਰ ਕੇ ਸਮੇਂ ਸਿਰ ਜਮ੍ਹਾ ਕਰਵਾਉਣ ਤਾਂ ਜੋ ਵੋਟਰ ਸੂਚੀ ਨੂੰ ਅੱਪਡੇਟ ਕੀਤਾ ਜਾ ਸਕੇ ਅਤੇ ਗਲਤੀ ਰਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਮਜ਼ਬੂਤ ਅਤੇ ਪਾਰਦਰਸ਼ੀ ਬਣਾਉਣ ਵਿੱਚ ਯੋਗਦਾਨ ਪਾਉਣਾ ਹਰੇਕ ਨਾਗਰਿਕ ਅਤੇ ਵੋਟਰ ਦੀ ਜ਼ਿੰਮੇਵਾਰੀ ਹੈ।
