ਗੜ੍ਹਸ਼ੰਕਰ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਬਲਾਕ ਸੰਮਤੀ ਤਾਜਪੋਸ਼ੀ ਸਮਾਰੋਹ
ਗੜ੍ਹਸ਼ੰਕਰ:- ਬਲਾਕ ਸੰਮਤੀ ਗੜ੍ਹਸ਼ੰਕਰ ਦੇ ਨਵੇਂ ਚੇਅਰਮੈਨ ਵਜੋਂ ਪਰਮਜੀਤ ਪਾਲ ਚੇਅਰਮੈਨ ਅਤੇ ਜਸਪਾਲ ਕੌਰ ਵਾਈਸ ਚੇਅਰਮੈਨ ਦੀ ਤਾਜਪੋਸ਼ੀ ਸਮਾਰੋਹ ਦਾ ਆਯੋਜਨ ਬਹੁਤ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਪੰਚਾਇਤੀ ਨੁਮਾਇੰਦਿਆਂ, ਸਮਾਜਿਕ ਸੰਸਥਾਵਾਂ ਦੇ ਆਗੂਆਂ ਅਤੇ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਹਾਜ਼ਰੀ ਭਰੀ।
ਸਮਾਗਮ ਦੌਰਾਨ ਪਰਮਜੀਤ ਪਾਲ ਨੂੰ ਫੁੱਲਾਂ ਦੇ ਹਾਰਾਂ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਨਵੇਂ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਅਤੇ ਵਿਸ਼ਵਾਸ ਨੂੰ ਉਹ ਕਦੇ ਵੀ ਟੁੱਟਣ ਨਹੀਂ ਦੇਣਗੇ ਅਤੇ ਬਲਾਕ ਦੇ ਹਰ ਪਿੰਡ ਦੇ ਵਿਕਾਸ ਲਈ ਦਿਨ-ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਆਖ਼ਰੀ ਵਿਅਕਤੀ ਤੱਕ ਪਹੁੰਚਾਉਣਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੋਵੇਗੀ।
ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਪਰਮਜੀਤ ਪਾਲ ਅਤੇ ਜਸਪਾਲ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਇੱਕ ਮਿਹਨਤੀ ਅਤੇ ਲੋਕਪ੍ਰਿਯ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦੇ ਹਿੱਤਾਂ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਗੜ੍ਹਸ਼ੰਕਰ ਨੂੰ ਇੱਕ ਯੋਗ ਅਤੇ ਜ਼ਿੰਮੇਵਾਰ ਚੇਅਰਮੈਨ ਮਿਲਿਆ ਹੈ, ਜਿਸ ਨਾਲ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਹੋਰ ਗਤੀ ਮਿਲੇਗੀ।
ਰੋੜੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਅਤੇ ਸ਼ਹਿਰਾਂ ਦੇ ਬਰਾਬਰ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਹਲਕੇ ਵਿੱਚ ਸੜਕਾਂ, ਪੀਣ ਵਾਲੇ ਪਾਣੀ, ਸਿੱਖਿਆ, ਸਿਹਤ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ।
ਉਨ੍ਹਾਂ ਬਲਾਕ ਸੰਮਤੀ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਹਿੱਤ ਵਿੱਚ ਕੰਮ ਕਰਨ ਅਤੇ ਵਿਕਾਸ ਦੇ ਮਾਮਲੇ ਵਿੱਚ ਇੱਕ ਟੀਮ ਵਜੋਂ ਅੱਗੇ ਵਧਣ। ਉਨ੍ਹਾਂ ਕਿਹਾ ਕਿ ਜਨਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਹਰ ਜਨ ਪ੍ਰਤੀਨਿਧੀ ਦੀ ਜ਼ਿੰਮੇਵਾਰੀ ਹੈ।
ਸਮਾਗਮ ਦੌਰਾਨ ਹਾਜ਼ਰ ਆਗੂਆਂ ਅਤੇ ਪਤਵੰਤਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼੍ਰੀ ਪਰਮਜੀਤ ਪਾਲ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਅੰਤ ਵਿੱਚ ਚੇਅਰਮੈਨ ਪਰਮਜੀਤ ਪਾਲ ਨੇ ਸਮੂਹ ਮਹਿਮਾਨਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਪੂਰਾ ਉਤਰਣ ਲਈ ਹਰ ਸੰਭਵ ਯਤਨ ਕਰਨਗੇ।
ਇਸ ਮੌਕੇ ਇਸ ਮੋਕੇ ਹਲਕਾ ਇੰਚਾਰਜ ਅਤੇ ਓ ਐਸ ਡੀ ਚਰਨਜੀਤ ਸਿੰਘ , ਮਾਰਕੀਟ ਕਮੇਟੀ ਤੋ ਚੇਅਰਮੈਨ ਬਲਦੀਪ ਸਿੰਘ ਸੈਣੀ, ਪ੍ਰਿੰਸ ਚੌਧਰੀ ਯੂਥ ਆਗੂ ਅਤੇ ਐਮ.ਸੀ, ਗੁਲਸ਼ਨ ਠਾਕੁਰ ਬਲਾਕ ਪ੍ਰਧਾਨ ਅਤੇ ਸਰਪੰਚ, ਡਾਰੈਕਟਰ ਪਸ਼ੂ ਭਲਾਈ ਬੋਰਡ ਪੰਜਾਬ ਨਰਿੰਦਰ ਸਿੰਘ ਘਾਗੋ, ਸਰਪੰਚ ਬਲਵੀਰ ਸਿੰਘ ਜੋਸ਼, ਜਿਲਾ ਪ੍ਰੀਦਸ਼ ਮੈਂਬਰ ਹਰਭਜ ਮਹਿਮੀ, ਇੰਦਰਜੀਤ ਸਿੰਘ ਬਰਿਆਣਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪ੍ਰਕਾਸ਼ ਪ੍ਰੇਮੀ, ਮਾਸਟਰ ਸੋਨ ਲਾਲ ਬਲਾਕ ਸੰਮਤੀ ਮੈਂਬਰ, ਸਰਪੰਚ ਅਤੇ ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ, ਸਰਪੰਚ ਰਾਮਜੀਤ ਦੇਨੋਵਾਲ, ਐਮ.ਸੀ ਸੋਮਨਾਥ ਬੰਗੜ, ਸਰਪੰਚ ਗੁਰਲਾਲ ਸੈਲਾ, ਬਾਬਾ ਕੇਵਲ ਸਿੰਘ ਚਾਕਰ ਤਪ ਅਸਥਾਨ ਸ੍ਰੀ ਖੁਰਾਲਗੜ੍ਹ, ਚਰਨ ਸ਼ੋ ਗੰਗਾ ਤੋਂ ਸੁਰਿੰਦਰ ਦਾਸ ਅਤੇ ਪੰਚ ਸਰਪੰਚ ਸਮੂਹ ਪਾਰਟੀ ਵਰਕਰ ਅਤੇ ਮੋਹਤਵਾਰ ਅਹੁਦੇਦਾਰ ਸ਼ਾਮਿਲ ਸਨ।
