ਬੇਟੀ ਬਚਾਓਬੇਟੀ ਪੜ੍ਹਾਓ ਸਕੀਮ ਤਹਿਤ ਲਾਇਆ ਬਲਾਕ ਪੱਧਰੀ ਰੋਜ਼ਗਾਰ ਕੈਂਪ

ਹੁਸ਼ਿਆਰਪੁਰ:- ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਸਕੀਮ ਤਹਿਤ ਸਿੱਖਿਆ, ਅਧਿਕਾਰਾਂ ਅਤੇ ਸਿਹਤ ਸੰਭਾਲ ਬਾਰੇ ਲਾਏ ਜਾ ਰਹੇ ਜਾਗਰੂਕਤਾ ਕੈਂਪਾਂ ਦੀ ਲੜੀ ਤਹਿਤ ਸਥਾਨਕ ਗੁਰਦੁਆਰਾ ਸ੍ਰੀ ਸਿੰਘ ਸਭਾ, ਬੱਸੀ ਦੌਲਤ ਖਾਂ, ਬਲਾਕ ਹੁਸ਼ਿਆਰਪੁਰ-2 ਵਿਖੇ ਬਲਾਕ ਪੱਧਰੀ ਕੈਂਪ ਲਾਇਆ ਗਿਆ ਜਿਸ ਵਿਚ 500 ਤੋਂ ਵੱਧ ਔਰਤਾਂ ਨੇ ਸ਼ਮੂਲੀਅਤ ਕੀਤੀ। 
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਦੀ ਅਗਵਾਈ ਹੇਠ ਲਾਏ ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਬਾਲ ਵਿਕਾਸ ਪ੍ਰੋਜੈਕਟ ਅਫਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 100 ਦੇ ਕਰੀਬ ਔਰਤਾਂ ਦਾ ਮੁਫ਼ਤ ਹੈਲਥ ਚੈਕਅੱਪ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਔਰਤਾਂ ਅਤੇ ਲੜਕੀਆਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ ਵੱਖ-ਵੱਖ 6 ਕੰਪਨੀਆਂ ਵੱਲੋਂ ਰੋਜ਼ਗਾਰ ਕੈਂਪ ਵੀ ਲਾਏ ਗਏ ਜਿਨ੍ਹਾਂ ਵਲੌਂ 120 ਔਰਤਾਂ ਅਤੇ ਲੜਕੀਆਂ ਨੂੰ ਰਜਿਸਟਰਡ ਕੀਤਾ ਗਿਆ। 
ਉਨ੍ਹਾਂ ਦੱਸਿਆ ਕਿ ਰੋਜ਼ਗਾਰ ਕੈਂਪ ਵਿੱਚ ਵਰਧਮਾਨ, ਜੀ. ਐਨ. ਏ. ਐਕਸਲੇਸ, ਜੀ. ਐਨ .ਏ. ਗੇਅਰਸ,ਐੱਸ. ਐਨ. ਫੂਡ ਇੰਡਸਟਰੀਜ਼, ਮਾਰੂਤੀ ਸਜੂਕੀ, ਐੱਸ. ਵੀ. ਵੂਡਜ਼, ਵਰਗੀਆਂ ਵੱਡੀਆਂ ਕੰਪਨੀਆਂ ਨੇ ਕੈਂਪ ਲਾਏ। ਇਸ ਤੋਂ ਇਲਾਵਾ ਕੈਂਪ ਵਿੱਚ ਬਾਲ ਵਿਕਾਸ ਪ੍ਰੋਜੈਕਟ ਅਫਸਰ ਹੁਸ਼ਿਆਰਪੁਰ-1 ਅਤੇ ਸੁਪਰਵਾਈਜ਼ਰਾਂ ਨੇ ਵੀ ਭਾਗ ਲਿਆ। 
ਉਨ੍ਹਾਂ ਨੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲਿਆ ਜਾਵੇ।