ਵੈਟਨਰੀ ਯੂਨੀਵਰਸਿਟੀ ਵਿਖੇ ਬਾਇਓਫਲੋਕ ਮੱਛੀ ਪਾਲਣ ਸੰਬੰਧੀ ਦਿੱਤੀ ਗਈ ਸਿਖਲਾਈ
ਲੁਧਿਆਣਾ 24 ਅਪ੍ਰੈਲ 2026:- ਨਵੀਨ ਜਲਜੀਵ ਤਕਨਾਲੋਜੀਆਂ ਦੀ ਮੰਗ ਵਧਣ ਦੇ ਨਾਲ, ਪੰਜਾਬ ਦੇ 13 ਜ਼ਿਲ੍ਹਿਆਂ ਤੋਂ 61 ਉਤਸ਼ਾਹੀ ਸੰਭਾਵਿਤ ਉਦਮੀਆਂ ਦੇ ਇੱਕ ਸਮੂਹ, ਜਿਨ੍ਹਾਂ ਵਿੱਚ 36 ਪੇਂਡੂ ਔਰਤਾਂ ਵੀ ਸ਼ਾਮਲ ਸਨ, ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫਿਸ਼ਰੀਜ਼ ਕਾਲਜ ਵਿਖੇ ਬਾਇਓਫਲੋਕ ਅਧਾਰਤ ਜਲਜੀਵ ਤਕਨਾਲੋਜੀਆਂ 'ਤੇ ਤਿੰਨ ਦਿਨਾ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚੋਂ 45 ਪ੍ਰਤੀਭਾਗੀ ਰਾਜ ਦੇ ਦੱਖਣ ਪੱਛਮੀ ਹਿੱਸੇ ਤੋਂ ਸਨ। ਇਹ ਪ੍ਰੋਗਰਾਮ ਬਾਇਓਫਲੋਕ ਜਲਜੀਵ ਤਕਨਾਲੋਜੀ ਦੀਆਂ ਮੂਲ ਗੱਲਾਂ ਤੋਂ ਜਾਣੂ ਕਰਵਾਉਣ ਅਤੇ ਬੁਨਿਆਦੀ ਵਿਹਾਰਕ ਸਿਖਲਾਈ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ।
ਇਹ ਵਿਧੀ ਇੱਕ ਪਾਣੀ ਬਚਾਓ ਤਕਨਾਲੋਜੀ ਹੋਣ ਕਰਕੇ, ਰਵਾਇਤੀ ਜਲਜੀਵ ਪਾਲਣ ਦੇ ਪ੍ਰਤੀ ਕਿਲੋਗ੍ਰਾਮ ਮੱਛੀ ਉਤਪਾਦਨ ਦੇ ਮੁਕਾਬਲੇ ਸਿਰਫ 10-15% ਪਾਣੀ ਦੀ ਵਰਤੋਂ ਕਰਦੀ ਹੈ। ਰਾਜਾਂ ਦੇ ਮੱਛੀ ਪਾਲਣ ਵਿਭਾਗ ਰਾਹੀਂ ਭਾਰਤ ਸਰਕਾਰ ਦਾ ਮੱਛੀ ਪਾਲਣ ਵਿਭਾਗ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਅਧੀਨ ਇਸਨੂੰ ਉਤਸ਼ਾਹਿਤ ਕਰਦਾ ਹੈ। ਡਾ. ਮੀਰਾ ਡੀ. ਆਂਸਲ, ਡੀਨ, ਨੇ ਦੱਸਿਆ ਕਿ ਕਾਲਜ ਆਫ਼ ਫਿਸ਼ਰੀਜ਼ ਵਿਖੇ ਇੱਕ ਸਮਰੱਥਾ ਨਿਰਮਾਣ ਸਰੋਤ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ ਤਾਂ ਜੋ ਪੰਜਾਬ ਅਤੇ ਇਸਦੇ ਗੁਆਂਢੀ ਉੱਤਰ-ਪੱਛਮੀ ਰਾਜਾਂ ਦੇ ਖੇਤਰੀ ਹਿੱਸੇਦਾਰਾਂ ਦੀਆਂ ਸਿਖਲਾਈ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।
ਡਾ. ਵਨੀਤ ਇੰਦਰ ਕੌਰ ਨੇ ਸਿਖਲਾਈ ਪ੍ਰੋਗਰਾਮ ਦਾ ਸੰਯੋਜਨ ਕੀਤਾ ਅਤੇ ਬਾਇਓਫਲੋਕ ਯੂਨਿਟਾਂ ਦੀ ਸਥਾਪਨਾ; ਟਿਕਾਊ ਬਾਇਓਫਲੋਕ ਉਤਪਾਦਨ ਅਤੇ ਪ੍ਰਬੰਧਨ; ਜੈਵਿਕ - ਸੁਰੱਖਿਆ; ਬਾਇਓਫਲੋਕ ਯੂਨਿਟਾਂ ਵਿੱਚ ਮੱਛੀ/ਝੀਂਗਾ ਉਤਪਾਦਨ; ਪਾਣੀ ਦੀ ਗੁਣਵੱਤਾ ਜਾਂਚ; ਖੁਰਾਕ ਪ੍ਰਣਾਲੀ; ਅਤੇ ਸਿਹਤ ਪ੍ਰਬੰਧਨ 'ਤੇ ਵਿਆਪਕ ਵਿਹਾਰਕ ਸੈਸ਼ਨ ਆਯੋਜਿਤ ਕੀਤੇ ਗਏ । ਸਾਰੇ ਸੈਸ਼ਨਾਂ ਦਾ ਤਕਨੀਕੀ ਸੰਯੋਜਨ ਡਾ. ਅਮਿਤ ਮੰਡਲ ਅਤੇ ਡਾ. ਐਸ. ਐਨ. ਦੱਤਾ ਵੱਲੋਂ ਕੀਤਾ ਗਿਆ। ਪ੍ਰਤੀਭਾਗੀਆਂ ਨੂੰ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਨ ਵਾਲੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ।
ਡਾ ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਆਪਣੇ ਅਤਿ-ਆਧੁਨਿਕ ਸਮਰੱਥਾ ਨਿਰਮਾਣ ਸਰੋਤ ਕੇਂਦਰ ਰਾਹੀਂ ਤੀਬਰ ਜਲਜੀਵ ਤਕਨਾਲੋਜੀਆਂ ਨੂੰ ਸਫਲਤਾਪੂਰਵਕ ਅਪਣਾਉਣ ਲਈ ਤਕਨੀਕੀ ਪਾੜੇ ਨੂੰ ਪੂਰਾ ਕਰ ਰਹੀ ਹੈ ਅਤੇ ਇਸ ਖੇਤਰ ਵਿੱਚ ਆਪਣੇ ਵਿਗਿਆਨਕ ਪਹੁੰਚ ਨੂੰ ਵਧਾ ਰਹੀ ਹੈ।ਪਾਣੀ ਦੀ ਵੱਡੀ ਮਾਤਰਾ ਨੂੰ ਬਚਾਉਣ ਅਤੇ ਵਾਤਾਵਰਣ ਸੰਬੰਧੀ ਫਾਇਦਿਆਂ ਦੇ ਨਾਲ ਭੋਜਨ ਸੁਰੱਖਿਆ ਦੇ ਸੰਦਰਭ ਵਿੱਚ ਇਹ ਵਿਧੀਆਂ ਬਹੁਤ ਲਾਭਕਾਰੀ ਹਨ।
