ਬਿਕਰਮ ਸਿੰਘ ਮਜੀਠੀਆ ਜ਼ਮਾਨਤ ਮਗਰੋਂ ਨਾਭਾ ਜੇਲ੍ਹ ਤੋਂ ਆਏ ਬਾਹਰ
ਪਟਿਆਲਾ/ਨਾਭਾ, 3 ਫਰਵਰੀ:- ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਲਹਿਰ ਸਿਰਜ ਕੇ ਪੰਜਾਬ ਨੂੰ ਆਮ ਆਦਮੀ ਪਾਰਟੀ (ਆਪ) ਦੇ ਦਿੱਲੀ ਦੇ ਆਗੂਆਂ ਦੇ ਚੁੰਗਲ ਵਿਚੋਂ ਮੁਕਤ ਕਰਵਾਉਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੇ ਰਾਜ ਦੀ ਭਲਾਈ ਵਾਸਤੇ ਖ਼ੁਦ ਫੈਸਲੇ ਲੈ ਸਕਣ।
ਨਾਭਾ ਜੇਲ੍ਹ 'ਚੋਂ ਜ਼ਮਾਨਤ 'ਤੇ ਰਿਹਾਅ ਹੋਣ ਮਗਰੋਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੋ ਮਰਜ਼ੀ ਹੋ ਜਾਵੇ ਉਹ ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਵਪਾਰੀਆਂ ਸਮੇਤ ਸਮੁੱਚੇ ਪੰਜਾਬੀਆਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਤੋੜ ਨਹੀਂ ਸਕਦੇ ਕਿਉਂਕਿ ’ਟਾਈਗਰ ਅਭੀ ਜ਼ਿੰਦਾ ਹੈ’। ਇਸ ਦੌਰਾਨ ਲੋਕਾਂ ਨੇ ’ਮਜੀਠੀਆ ਤੇਰੀ ਸੋਚ ’ਤੇ ਪਹਿਰਾ ਦੇਵਾਂਗੇ ਠੋਕ ਕੇ’ ਦੇ ਨਾਅਰੇ ਵੀ ਲਗਾਏ।
ਬਿਕਰਮ ਸਿੰਘ ਮਜੀਠੀਆ ਨੇ ਸੁਪਰੀਮ ਕੋਰਟ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਦਖਲ ਦੇ ਕੇ ਯੂ ਪੀ ਐਸ ਸੀ ਨੂੰ ਹਦਾਇਤ ਦੇਵੇ ਕਿ ਐਡਹਾਕ ਡੀ ਜੀ ਪੀ ਗੌਰਵ ਯਾਦਵ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ, ਉਨ੍ਹਾਂ ਇਸ ਪੁਲਿਸ ਅਫਸਰ 'ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਖੁਸ਼ ਕਰਨ ਤੇ ਕਠਪੁਤਲੀ ਵਾਂਗੂ ਕੰਮ ਕਰਨ ਦਾ ਦੋਸ਼ ਲਾਉਂਦੇ ਹੋਏ ਮੰਗ ਕੀਤੀ ਕਿ ਡੀ ਜੀ ਪੀ ਇਹ ਹਲਫੀਆ ਬਿਆਨ ਦੇਣ ਕਿ ਉਹਨਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ ਤੇ ਕਿਹਾ ਕਿ ਜਾਣ ਬੁੱਝ ਕੇ ਅਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਨੂੰ ਜਾਨੋਂ ਮਰਵਾਇਆ ਜਾ ਸਕੇ।
ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਭਗਵੰਤ ਮਾਨ ਦਾ ਜ਼ੋਰ ਚਲਦਾ ਤਾਂ ਉਹ ਉਹਨਾਂ ਨੂੰ ਜੇਲ੍ਹ ਵਿਚ ਹੀ ਮਰਵਾ ਦਿੰਦੇ। ਜੇਲ੍ਹ ਵਿਚ ਰਹਿਣ ਦੌਰਾਨ ਉਹਨਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੇ ਵਕੀਲਾਂ ਨਾਲ ਵੀ ਨਹੀਂ ਮਿਲਣ ਦਿੱਤਾ ਗਿਆ। ਅਜਿਹਾ ਸਭ ਕੁਝ ਉਹਨਾਂ ਨੂੰ ਮਾਨਸਿਕ ਤੌਰ ’ਤੇ ਤੋੜਨ ਵਾਸਤੇ ਕੀਤਾ ਗਿਆ ਤੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਕੀਤੀ ਗਈ।
ਮਜੀਠੀਆ ਨੇ ਕਿਹਾ ਕਿ ਪਟਿਆਲਾ ਪੁਲਿਸ ਨੇ ਤਾਂ ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸੁਰੱਖਿਆ ਨਾਲ ਵੀ ਸਮਝੌਤਾ ਕੀਤਾ ਅਤੇ ਉਹਨਾਂ ਦੀ ਕਾਰ ਨੂੰ ਇਕ ਫਾਸਲੇ ’ਤੇ ਰੋਕ ਦਿੱਤਾ ਗਿਆ ਜਦੋਂ ਕਿ ਚੋਣਵੇਂ ਪੱਤਰਕਾਰਾਂ ਨੂੰ ਅੱਗੇ ਆਉਣ ਦਿੱਤਾ ਗਿਆ ਜਿਹਨਾਂ ਨੇ ਆਪਣੀ ਮਨਮਰਜ਼ੀ ਦੇ ਸਵਾਲ ਪੁੱਛੇ। ਉਹਨਾਂ ਕਿਹਾ ਕਿ ਉਹ ਬਾਬਾ ਜੀ ਦੇ ਧੰਨਵਾਦੀ ਹਨ ਜਿਹਨਾਂ ਨੇ ਉਹਨਾਂ ’ਤੇ ਰਹਿਮਤ ਬਖਸ਼ਿਸ਼ ਕੀਤੀ ਤੇ ਨਾਲ ਹੀ ਉਹਨਾਂ ਸਾਰੇ ਮਹਾਂਪੁਰਖਾਂ ਦੇ ਵੀ ਰਿਣੀ ਹਨ ਜਿਹਨਾਂ ਨੇ ਇਸ ਔਖੇ ਵੇਲੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ।
ਅਕਾਲੀ ਆਗੂ ਨੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ ਜੋ ਔਖੇ ਵੇਲੇ ਉਹਨਾਂ ਦੇ ਹੱਕ ਵਿਚ ਡਟੇ ਰਹੇ। ਨਾਭਾ ਜੇਲ੍ਹ ਤੋਂ ਰਿਹਾਈ ਉਪਰੰਤ ਬਿਕਰਮ ਸਿੰਘ ਮਜੀਠੀਆ ਨੇ ਪਟਿਆਲਾ ਦੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਤਮਤਸਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕੀਤਾ। ਇਸ ਮੌਕੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਰਦਾਰ ਵਿਰਸਾ ਸਿੰਘ ਵਲਟੋਹਾ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।
