ਬਿਹਾਰ ਦੇ 14 ਜ਼ਿਲ੍ਹਿਆਂ ਵਿੱਚ ਹੜ੍ਹ 5000 ਸਕੂਲ ਬੰਦ
ਨਵੀਂ ਦਿੱਲੀ:- ਬਿਹਾਰ ਦੇ 14 ਜ਼ਿਲ੍ਹਿਆਂ ਵਿੱਚ, ਜਿਨ੍ਹਾਂ ਵਿੱਚ ਪਟਨਾ, ਮੁੰਗੇਰ ਅਤੇ ਭਾਗਲਪੁਰ ਸ਼ਾਮਲ ਹਨ, ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇਸ ਨਾਲ 40 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹ ਦੇ ਪਾਣੀ ਵਿੱਚ ਡੁੱਬਣ ਕਾਰਨ 5,000 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਗਏ ਹਨ। ਸੂਬੇ ਭਰ ਵਿੱਚ ਗੰਗਾ, ਕੋਸੀ ਅਤੇ ਗੰਡਕ ਵਰਗੀਆਂ ਨਦੀਆਂ ਪੂਰੇ ਜੋਬਨ 'ਤੇ ਹਨ। ਇਨ੍ਹਾਂ ਨਦੀਆਂ ਦੇ ਕੰਢਿਆਂ 'ਤੇ ਬਣੇ 500 ਤੋਂ ਵੱਧ ਸ਼ਮਸ਼ਾਨਘਾਟ ਪਾਣੀ ਵਿੱਚ ਡੁੱਬ ਗਏ ਹਨ, ਜਿਸ ਕਾਰਨ ਅੰਤਿਮ ਸੰਸਕਾਰ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ।
ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਕਾਰਨ ਨਦੀਆਂ ਓਵਰਫਲੋ ਹੋ ਰਹੀਆਂ ਹਨ। ਹੜ੍ਹ ਨੇ 26 ਜ਼ਿਲ੍ਹਿਆਂ ਵਿੱਚ 4 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਬਰੇਲੀ ਵਿੱਚ ਇੱਕ ਪ੍ਰਾਚੀਨ ਮੰਦਰ ਰਾਮਗੰਗਾ ਨਦੀ ਵਿੱਚ ਸਮਾ ਗਿਆ, ਜਦੋਂ ਕਿ ਬਾਰਾਬੰਕੀ ਵਿੱਚ ਸਰਯੂ ਨਦੀ ਦੇ ਪਾਣੀ ਕਾਰਨ ਲਗਭਗ 12 ਘਰ ਡੁੱਬ ਗਏ। ਇਸ ਦੌਰਾਨ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਮੀਂਹ ਦਾ ਦੌਰ ਫਿਲਹਾਲ ਰੁਕ ਗਿਆ ਹੈ। ਮੱਧ ਪ੍ਰਦੇਸ਼ ਵਿੱਚ ਅਗਲੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਰਾਜਸਥਾਨ ਵਿੱਚ 11 ਸਤੰਬਰ ਤੋਂ ਮੀਂਹ ਸ਼ੁਰੂ ਹੋਣ ਦੀ ਉਮੀਦ ਹੈ; ਬੁੱਧਵਾਰ ਨੂੰ ਸੂਬੇ ਦੇ 10 ਸ਼ਹਿਰਾਂ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ।
