ਅੰਬਾਲਾ ਪੁਲੀਸ ਦੀ ਵੱਡੀ ਸਫਲਤਾ 708 ਗਰਾਮ ਹੈਰੋਇਨ ਸਣੇ ਮਹਿਲਾ ਗ੍ਰਿਫ਼ਤਾਰ

ਅੰਬਾਲਾ, 26 ਮਾਰਚ:- ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਦੇ ਹਿੱਸੇ ਵਜੋਂ ਬਲਦੇਵ ਨਗਰ ਪੁਲੀਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇੱਕ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ ਦਸਮੇਸ਼ ਨਗਰ, ਜੜੌਤ ਰੋਡ 'ਤੇ ਇੱਕ ਘਰ 'ਤੇ ਛਾਪਾ ਮਾਰਿਆ ਅਤੇ ਇੱਕ ਔਰਤ ਨੂੰ 708 ਗਰਾਮ  ਹੈਰੋਇਨ (ਚਿੱਟਾ) ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਥਾਣੇ ਦੇ ਐਸਐਚਓ ਇੰਸਪੈਕਟਰ ਧਰਮਵੀਰ ਸਿੰਘ ਨੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਵਿੱਚ ਨਸ਼ੀਲੇ ਪਦਾਰਥਾਂ ਦਾ ਗੈਰ-ਕਾਨੂੰਨੀ ਕਾਰੋਬਾਰ ਵਧ-ਫੁੱਲ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ 'ਤੇ ਇੱਕ ਟੀਮ ਬਣਾ ਕੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਔਰਤ ਦੇ ਕਬਜ਼ੇ ਵਿੱਚੋਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ। ਗ੍ਰਿਫ਼ਤਾਰ ਔਰਤ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ  ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਦਾ ਪਤਾ ਲਾਉਣ ਲਈ ਪੁਲੀਸ ਰਿਮਾਂਡ ਤੇ ਲਿਆ ਗਿਆ ਹੈ।
ਐਸਐਚਓ ਨੇ ਦੱਸਿਆ ਕਿ ਪੁਲੀਸ ਜਾਂਚ ਵਿੱਚ ਔਰਤ ਦੇ ਪਤੀ ਅਮਰ ਸਿੰਘ ਉਰਫ਼ ਅਮਰਾ ਅਤੇ ਉਸ ਦੇ ਇੱਕ ਦੋਸਤ ਦੀ ਸਨਸਨੀਖ਼ੇਜ਼ ਸ਼ਮੂਲੀਅਤ ਦਾ ਖ਼ੁਲਾਸਾ ਹੋਇਆ ਹੈ। ਦੋਸ਼ੀ ਅਮਰ ਸਿੰਘ ਇੱਕ ਬਦਨਾਮ ਅਪਰਾਧੀ ਹੈ ਜਿਸ ਦੇ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਚੋਰੀ ਸਮੇਤ ਲਗਭਗ 27 ਗੰਭੀਰ ਮਾਮਲੇ ਦਰਜ ਹਨ। ਦੋਸ਼ੀ ਅਮਰ ਸਿੰਘ ਇਸ ਸਮੇਂ ਫਰਾਰ ਹੈ ਅਤੇ ਪੁਲੀਸ ਟੀਮਾਂ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ।