ਨਸ਼ਿਆਂ ਵਿਰੁੱਧ ਵੱਡੀ ਸਫ਼ਲਤਾ 3100 ਕਿਲੋ ਚੂਰਾਪੋਸਤ ਬਰਾਮਦ ਤਿੰਨ ਲਗਜ਼ਰੀ ਗੱਡੀਆਂ ਜ਼ਬਤ
ਲੁਧਿਆਣਾ:- ਪੰਜਾਬ ਵਿੱਚ ਨਸ਼ਾ ਤਸਕਰੀ ਦੇ ਵਧਦੇ ਜਾਲ ਦਰਮਿਆਨ ਲੁਧਿਆਣਾ ਪੁਲੀਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਜਮਾਲਪੁਰ ਦੀ ਪੁਲੀਸ ਟੀਮ ਨੇ ਛਾਪੇਮਾਰੀ ਦੌਰਾਨ ਇੱਕ ਟਰੱਕ ਅਤੇ ਤਿੰਨ ਹੋਰ ਗੱਡੀਆਂ ਵਿੱਚੋਂ ਭਾਰੀ ਮਾਤਰਾ ਵਿੱਚ ਚੂਰਾ-ਪੋਸਤ ਬਰਾਮਦ ਕੀਤਾ ਹੈ। ਜ਼ਬਤ ਕੀਤੇ ਗਏ ਨਸ਼ੇ ਦਾ ਕੁੱਲ ਵਜ਼ਨ 3100 ਕਿਲੋ ਦੱਸਿਆ ਜਾ ਰਿਹਾ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 6 ਕਰੋੜ ਰੁਪਏ ਹੈ। ਹਾਲਾਂਕਿ, ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਹਨ੍ਹੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਆਈ. ਦਲਵੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਜਮਾਲਪੁਰ ਚੌਂਕ ਨੇੜੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਇੱਕ ਚਿੱਟੇ ਰੰਗ ਦੇ ਟਰੱਕ, ਜਿਸ ’ਤੇ ‘ਗਿੱਲ ਕੈਚ’ ਲਿਖਿਆ ਹੋਇਆ ਹੈ, ਵਿੱਚ ਨਸ਼ੇ ਦੀ ਵੱਡੀ ਖੇਪ ਲੱਦੀ ਹੋਈ ਹੈ। ਸੂਚਨਾ ਮਿਲੀ ਸੀ ਕਿ ਤਸਕਰਾਂ ਨੇ ਜਮਾਲਪੁਰ ਇਲਾਕੇ ਵਿੱਚ ਸਪਲਾਈ ਦੇਣ ਤੋਂ ਬਾਅਦ ਟਰੱਕ ਨੂੰ ਲਾਡੋਵਾਲ ਥਾਣੇ ਦੇ ਅਧੀਨ ਪੈਂਦੇ ਇੱਕ ਸੁੰਨਸਾਨ ਇਲਾਕੇ ਵਿੱਚ ਖੜ੍ਹਾ ਕੀਤਾ ਹੋਇਆ ਹੈ।
ਪੁਲੀਸ ਨੇ ਬਿਨਾਂ ਸਮਾਂ ਗੁਆਏ ਉਕਤ ਸਥਾਨ ’ਤੇ ਛਾਪਾ ਮਾਰਿਆ। ਪੁਲੀਸ ਨੂੰ ਦੇਖ ਕੇ ਤਸਕਰ ਗੱਡੀਆਂ ਛੱਡ ਕੇ ਭੱਜ ਨਿਕਲੇ। ਤਲਾਸ਼ੀ ਦੌਰਾਨ ਟਰੱਕ ਵਿੱਚੋਂ ਚੂਰਾ-ਪੋਸਤ ਨਾਲ ਭਰੀਆਂ ਬੋਰੀਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਮੌਕੇ ਤੋਂ ਤਿੰਨ ਹੋਰ ਲਗਜ਼ਰੀ ਗੱਡੀਆਂ- ਮਹਿੰਦਰਾ ਬੋਲੇਰੋ, ਇਸੂਜ਼ੂ ਅਤੇ ਮਹਿੰਦਰਾ ਸਕਾਰਪੀਓ ਵੀ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਸ਼ੇ ਦੀ ਛੋਟੀ ਸਪਲਾਈ ਦੇਣ ਲਈ ਕੀਤੀ ਜਾਣੀ ਸੀ।
ਇੰਨੀ ਵੱਡੀ ਮਾਤਰਾ ਵਿੱਚ ਨਸ਼ੇ ਦੀ ਬਰਾਮਦਗੀ ਸੰਕੇਤ ਦਿੰਦੀ ਹੈ ਕਿ ਇਸ ਦੇ ਪਿੱਛੇ ਕੋਈ ਵੱਡਾ ਅੰਤਰ-ਰਾਜੀ ਗਿਰੋਹ ਕੰਮ ਕਰ ਰਿਹਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਹ ਸਲਾਖਾਂ ਪਿੱਛੇ ਹੋਣਗੇ। ਪੁਲੀਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਨਸ਼ਾ ਕਿੱਥੋਂ ਲਿਆਂਦਾ ਗਿਆ ਸੀ ਅਤੇ ਲੁਧਿਆਣਾ ਦੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਇਸ ਦੀ ਸਪਲਾਈ ਹੋਣੀ ਸੀ।
