ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਦੀ ਮੀਟਿੰਗ ਆਯੋਜਿਤ

ਐਸ ਏ ਐਸ ਨਗਰ, 13 ਅਕਤੂਬਰ- ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ (ਰਜਿ.) ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਫੇਜ਼ 11 ਵਿੱਚ ਇੱਕ ਹਰਬਲ ਪਾਰਕ ਬਣਾਇਆ ਜਾਵੇ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਹਰਬਲ ਪੌਦੇ ਲਾਏ ਜਾਣ ਅਤੇ ਲੋੜਵੰਦਾਂ ਨੂੰ ਪੌਦੇ ਮੁਫਤ ਸਪਲਾਈ ਕੀਤੇ ਜਾਣ।
 ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਹਰਬਲ ਪੌਦਿਆਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਘਰ ਬੈਠੇ ਹੀ ਕੀਤਾ ਜਾ ਸਕਦਾ ਹੈ। ਮੀਟਿੰਗ ਵਿੱਚ ਇਸ ਗੱਲ ’ਤੇ ਭਾਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਆਵਾਰਾ ਗਊਆਂ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਮੀਟਿੰਗ ਦੌਰਾਨ ਕਿਹਾ ਗਿਆ ਕਿ ਗਊਆਂ ਦੇ ਨਾਂ ’ਤੇ ਕਰੋੜਾਂ ਅਰਬਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ।
 ਪਰ ਹਜ਼ਾਰਾਂ ਦੀ ਗਿਣਤੀ ਵਿੱਚ ਗਊਆਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਬੇਰੋਕ-ਟੋਕ ਘੁੰਮ ਰਹੀਆਂ ਹਨ, ਜੋ ਰਾਹਗੀਰਾਂ ਲਈ ਜਾਨਲੇਵਾ ਸਾਬਤ ਹੋ ਰਹੀਆਂ ਹਨ। ਭਾਵੇਂ ਹਰ ਇਨਸਾਨ ਦੀ ਹੋਂਦ ਬਹੁਤ ਕੀਮਤੀ ਹੁੰਦੀ ਹੈ, ਪਰ ਪਿਛਲੇ ਦਿਨੀਂ ਉੱਘੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਗਊਆਂ ਕਾਰਨ ਗੰਭੀਰ ਹਾਦਸੇ ਦਾ ਸ਼ਿਕਾਰ ਹੋ ਗਏ। ਮੀਟਿੰਗ ਦੌਰਾਨ ਰਾਜਵੀਰ ਜਵੰਦਾ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਆਵਾਰਾ ਗਊਆਂ ਦੇ ਰੱਖ-ਰਖਾਅ ਦੇ ਉਚਿਤ ਪ੍ਰਬੰਧ ਕੀਤੇ ਜਾਣ। 
ਮੀਟਿੰਗ ਵਿੱਚ ਸੁਸਾਇਟੀ ਮੈਂਬਰ ਗੁਰਿੰਦਰ ਸਿੰਘ, ਅਜਿੰਦਰ ਸਿੰਘ, ਡੀ. ਪੀ. ਹੁਸ਼ਿਆਰਪੁਰੀ, ਸਰਵਨ ਰਾਮ, ਰਣਜੀਤ ਸਿੰਘ ਜੁੱਲੂ, ਬਲਬੀਰ ਸਿੰਘ ਸੈਣੀ, ਜਸਵਿੰਦਰ ਸਿੰਘ ਕਲੇਰ, ਚਰਨ ਸਿੰਘ ਗੜ੍ਹੀ, ਫਕੀਰ ਚੰਦ ਥਿੰਦ, ਭੁਪਿੰਦਰ ਸਿੰਘ ਨਾਗਪਾਲ, ਨਛੱਤਰ ਸਿੰਘ ਖਿਆਲਾ, ਬਲਵੀਰ ਸਿੰਘ ਜਥੇਦਾਰ, ਬੀਬੀ ਅਮਰਜੀਤ ਕੌਰ, ਸੁਰੇਸ਼ ਭਨੋਟ ਅਤੇ ਹਰਬੰਸ ਹਾਜ਼ਰ ਸਨ।